ਹੈਦਰਾਬਾਦ : ਸ਼ੇਖ ਮੁਜ਼ੱਮਿਲ ਅਹਿਮਦ ਨਾਮ (Sheikh Muzammil Ahmed) ਦੇ ਇੱਕ ਭਾਰਤੀ ਵਿਦਿਆਰਥੀ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ । ਜਿਸ ਤੋਂ ਬਾਅਦ ਉਸਦੇ ਪਰਿਵਾਰ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਵਿਦਿਆਰਥੀ ਦੀ ਮ੍ਰਿਤਕ ਦੇਹ ਨੂੰ ਹੈਦਰਾਬਾਦ ਵਾਪਸ ਭੇਜਣ ਦਾ ਪ੍ਰਬੰਧ ਕਰਨ ਦੀ ਬੇਨਤੀ ਕੀਤੀ ਹੈ। ਅਹਿਮਦ (25) ਹੈਦਰਾਬਾਦ ਦਾ ਰਹਿਣ ਵਾਲਾ ਸੀ ਅਤੇ ਕੋਨੇਸਟੋਗਾ ਕਾਲਜ ਤੋਂ ਆਈ.ਟੀ. ਵਿੱਚ ਮਾਸਟਰਜ਼ ਕਰ ਰਿਹਾ ਸੀ।
ਐੱਮ.ਬੀ.ਟੀ. ਦੇ ਆਗੂ ਅਮਜਦ ਉੱਲਾ ਖ਼ਾਨ ਨੇ ਸੋਸ਼ਲ ਮੀਡੀਆ ‘ਤੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਹੈ।ਐੱਮ.ਬੀ.ਟੀ. ਆਗੂ ਨੇ ਕਿਹਾ ਕਿ ਅਹਿਮਦ ਪਿਛਲੇ ਹਫ਼ਤੇ ਤੋਂ ਬੁਖ਼ਾਰ ਨਾਲ ਪੀੜਤ ਸੀ, ਪਰ ਉਸ ਦੇ ਪਰਿਵਾਰ ਨੂੰ ਅਹਿਮਦ ਦੇ ਦੋਸਤ ਦਾ ਫ਼ੋਨ ਆਇਆ ਕਿ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਉਨ੍ਹਾਂ ਨੇ ਮ੍ਰਿਤਕ ਦੇ ਪਰਿਵਾਰ ਵੱਲੋਂ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੂੰ ਮਦਦ ਲਈ ਬੇਨਤੀ ਕਰਨ ਵਾਲਾ ਪੱਤਰ ਵੀ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਹੈ।
ਉਨ੍ਹਾਂ ਨੇ ਓਟਾਵਾ ਵਿੱਚ ਭਾਰਤੀ ਹਾਈ ਕਮਿਸ਼ਨ ਅਤੇ ਟੋਰਾਂਟੋ ਵਿਚ ਭਾਰਤੀ ਕੌਂਸਲੇਟ ਜਨਰਲ ਨੂੰ ਜਲਦੀ ਤੋਂ ਜਲਦੀ ਅਹਿਮਦ ਦੀ ਮ੍ਰਿਤਕ ਦੇਹ ਨੂੰ ਹੈਦਰਾਬਾਦ ਭੇਜਣ ਲਈ ਕਿਹਾ ਹੈ।ਇਸ ਤੋਂ ਪਹਿਲਾਂ, ਐੱਮ.ਬੀ.ਟੀ. ਨੇਤਾ ਖਾਨ ਨੇ ਉਸ ਮਾਮਲੇ ਨੂੰ ਵੀ ਉਜਾਗਰ ਕੀਤਾ ਸੀ, ਜਿੱਥੇ ਸ਼ਿਕਾਗੋ ਵਿੱਚ ਇੱਕ ਹੋਰ ਭਾਰਤੀ ਵਿਦਿਆਰਥੀ ਸਈਦ ਮਜ਼ਾਹਿਰ ਅਲੀ ‘ਤੇ ਬੇਰਹਿਮੀ ਨਾਲ ਹਮਲਾ ਕੀਤਾ ਗਿਆ ਸੀ। ਉਦੋਂ ਸ਼ਿਕਾਗੋ ਸਥਿਤ ਭਾਰਤੀ ਵਣਜ ਦੂਤਘਰ ਨੇ ਭਾਰਤ ਵਿਚ ਪੀੜਤ ਦੀ ਪਤਨੀ ਦੇ ਸੰਪਰਕ ਵਿੱਚ ਰਹਿਣ ਦਾ ਭਰੋਸਾ ਦਿੱਤਾ ਸੀ ਅਤੇ ਹਰ ਸੰਭਵ ਸਹਾਇਤਾ ਦਾ ਭਰੋਸਾ ਵੀ ਦਿੱਤਾ ਸੀ।