ਬਰੈਂਪਟਨ: 27 ਮਾਰਚ ਦੀ ਸ਼ਾਮ ਬਰੈਂਪਟਨ (Brampton) ‘ਚ ਦਿਨ-ਦਿਹਾੜੇ ਗੁੰਡਾਗਰਦੀ ਦੀ ਇੱਕ ਘਟਨਾ ਵਿੱਚ ਸ਼ਾਮਲ 3 ਭਾਰਤੀਆਂ ਨੂੰ ਪੀਲ ਰੀਜਨਲ ਪੁਲਿਸ (Peel Regional Police) ਨੇ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਚੌਥਾ ਭਾਰਤੀ (ਸ਼ੱਕੀ) ਦੀ ਭਾਲ ਹਾਲੇ ਜਾਰੀ ਹੈ। ਗ੍ਰਿਫ਼ਤਾਰ ਕੀਤੇ ਸ਼ੱਕੀਆਂ ਦੀ ਪਛਾਣ 23 ਸਾਲ ਦੇ ਰਮਨਪ੍ਰੀਤ ਮਸੀਹ, 28 ਸਾਲ ਦੇ ਆਕਾਸ਼ਦੀਪ ਸਿੰਘ ਅਤੇ 28 ਸਾਲ ਦੇ ਸੌਰਵ ਵਜੋਂ ਕੀਤੀ ਗਈ ਹੈ।
ਪੁਲਿਸ ਹੁਣ ਚੌਥੇ ਸ਼ੱਕੀ ਦੀ ਭਾਲ ਕਰ ਰਹੀ ਹੈ ਜਿਸ ਦਾ ਕੱਦ 6 ਫੁੱਟ ਹੈ ਅਤੇ ਵਾਰਦਾਤ ਵੇਲੇ ਉਸ ਨੇ ‘ਜੌਰਡਨ 33’ ਅੱਖਰਾਂ ਵਾਲੀ ਸਵੈਟ ਸ਼ਰਟ ਪਹਿਨੀ ਹੋਈ ਸੀ। ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਦੱਸਿਆ ਕਿਹਾ ਕਿ 4 ਸ਼ੱਕੀਆਂ ਵਿਚੋਂ 3 ਨੇ ਪੁਲਿਸ ਅੱਗੇ ਸਰੰਡਰ ਕਰ ਦਿਤਾ।
ਪੁਲਿਸ ਨੇ ਦੱਸਿਆ ਕਿ ਇਕ ਘਟਨਾ ਵਿਚ ਪੀੜਤ ਦਾ 4 ਨੌਜਵਾਨਾਂ ਨਾਲ ਸਾਹਮਣਾ ਹੋਇਆ ਸੀ, ਜਿਨ੍ਹਾਂ ਨੇ ਉਨ੍ਹਾਂ ਨੂੰ ਧਮਕੀਆਂ ਦਿੰਦੇ ਹੋਏ ਉਨ੍ਹਾਂ ਦੀ ਕਾਰ ਨੂੰ ਨੁਕਸਾਨ ਪਹੁੰਚਾਇਆ ਸੀ। ਇਹ ਸਾਰੀ ਘਟਨਾ ਕੈਮਰੇ ਵਿਚ ਕੈਦ ਹੋ ਗਈ ਸੀ, ਜਿਸ ਨੂੰ ਬਾਅਦ ਵਿਚ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਗਿਆ।
ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਪੀੜਤ ਗੌਰਵ ਛਾਬੜਾ 27 ਮਾਰਚ ਦੀ ਸ਼ਾਮ ਲਗਭਗ 7:20 ਵਜੇ ਈਗਲਰਿਜ ਡਰਾਈਵ ਨੇੜੇ ਟੋਰਬਰਾਮ ਰੋਡ ‘ਤੇ ਗੱਡੀ ਚਲਾ ਰਿਹਾ ਸੀ, ਜਦੋਂ 4 ਸ਼ੱਕੀਆਂ ਨੇ ਸ਼ਰੇਆਮ ਗੁੰਡਾਗਰਦੀ ਕਰਦੇ ਹੋਏ ਪੀੜਤ ਦੀ ਕਾਰ ਨੂੰ ਘੇਰ ਲਿਆ ਅਤੇ ਧਮਕਾਉਂਦੇ ਹੋਏ ਉਸ ਦੀ ਕਾਰ ਨੂੰ ਵੀ ਨੁਕਸਾਨ ਪਹੁੰਚਾਇਆ। ਇਸ ਦੌਰਾਨ ਕਾਰ ਵਿਚ ਗੌਰਵ ਨਾਲ ਉਸ ਦੀ ਪਤਨੀ ਅਤੇ ਦੋਸਤ ਸਵਾਰ ਸਨ।