ਨਵੀਂ ਦਿੱਲੀ : ਕੇਂਦਰ ਸਰਕਾਰ (Central government) ਨੇ ਪੰਜਾਬ ਕਾਂਗਰਸ ਦੇ 3 ਸਾਬਕਾ ਆਗੂਆਂ ਨੂੰ ‘ਵਾਈ’ ਸ਼੍ਰੇਣੀ ਦੀ ਵੀ.ਆਈ.ਪੀ ਸੁਰੱਖਿਆ ਮੁਹੱਈਆ ਕਰਵਾਈ ਹੈ, ਜਿਸ ਤਹਿਤ ਉਨ੍ਹਾਂ ਦੀ ਸੁਰੱਖਿਆ ਲਈ ਨੀਮ ਫ਼ੌਜੀ ਬਲਾਂ ਦੇ ਕਮਾਂਡੋ ਤਾਇਨਾਤ ਕੀਤੇ ਜਾਣਗੇ। ਬੀਤੇ ਦਿਨ ਇਹ ਜਾਣਕਾਰੀ ਦਿੰਦੇ ਹੋਏ ਸੂਤਰਾਂ ਨੇ ਦੱਸਿਆ ਕਿ ਇਨ੍ਹਾਂ 3 ਨੇਤਾਵਾਂ ‘ਚੋਂ 2 ਭਾਜਪਾ ‘ਚ ਸ਼ਾਮਲ ਹੋ ਗਏ ਹਨ। ਸੂਤਰਾਂ ਨੇ ਦੱਸਿਆ ਕਿ ਕੇਂਦਰੀ ਖੁਫੀਆ ਏਜੰਸੀਆਂ ਵੱਲੋਂ ਖਤਰੇ ਦਾ ਪਤਾ ਲੱਗਣ ਕਾਰਨ ਵਿਕਰਮਜੀਤ ਸਿੰਘ ਚੌਧਰੀ, ਉਨ੍ਹਾਂ ਦੀ ਮਾਤਾ ਕਰਮਜੀਤ ਕੌਰ ਚੌਧਰੀ ਅਤੇ ਤੇਜਿੰਦਰ ਸਿੰਘ ਬਿੱਟੂ ਨੂੰ ‘ਵਾਈ’ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ। ਕਰਮਜੀਤ ਕੌਰ ਅਤੇ ਬਿੱਟ ਹਾਲ ਹੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਹਨ। ਸੂਤਰਾਂ ਨੇ ਕਿਹਾ ਕਿ ਸੀ.ਆਰ.ਪੀ.ਐਫ ਨੂੰ ਗ੍ਰਹਿ ਮੰਤਰਾਲੇ (MHA) ਦੁਆਰਾ ਸੁਰੱਖਿਆ ਕਵਰ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਫਿਲੌਰ ਦੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੂੰ ਹਾਲ ਹੀ ਵਿੱਚ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਕਾਂਗਰਸ ਨੇ ਮੁਅੱਤਲ ਕਰ ਦਿੱਤਾ ਸੀ। ਵਿਕਰਮਜੀਤ ਦੀ ਮਾਂ ਕਰਮਜੀਤ ਕੌਰ ਚੌਧਰੀ 20 ਅਪ੍ਰੈਲ ਨੂੰ ਭਾਜਪਾ ‘ਚ ਸ਼ਾਮਲ ਹੋਏ ਸੀ। ਕਾਂਗਰਸ ਸਕੱਤਰ ਬਿੱਟੂ ਵੀ ਉਸੇ ਦਿਨ ਭਾਜਪਾ ਵਿੱਚ ਸ਼ਾਮਲ ਹੋ ਗਏ। ਬਿੱਟੂ ਨੂੰ ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਦਾ ਕਰੀਬੀ ਮੰਨਿਆ ਜਾਂਦਾ ਸੀ। ‘ਵਾਈ’ ਸ਼੍ਰੇਣੀ ਦੀ ਸੁਰੱਖਿਆ ਹੇਠ ਲਗਭਗ 4-5 ਹਥਿਆਰਬੰਦ ਕਮਾਂਡੋ ਪੰਜਾਬ ਦੇ ਦੌਰੇ ਦੌਰਾਨ ਤਿੰਨੇ ਸਿਆਸਤਦਾਨਾਂ ਦੀ ਸੁਰੱਖਿਆ ਕਰਨਗੇ। ਉਮੀਦ ਹੈ ਕਿ ਸੀ.ਆਰ.ਪੀ.ਐਫ ਛੇਤੀ ਹੀ ਤਿੰਨਾਂ ਨੇਤਾਵਾਂ ਦੀ ਸੁਰੱਖਿਆ ਸੰਭਾਲ ਲੈਣਗੇ।