ਲੁਧਿਆਣਾ : ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ‘ਤੇ ਭਾਜਪਾ ਇੱਕ ਹੋਰ ਦਾਅਵ ਖੇਡਣ ਜਾ ਰਹੀ ਹੈ। ਦਰਅਸਲ, ਭਾਜਪਾ ਹਰਿਆਣਾ ਵਿੱਚ ਰਵਨੀਤ ਬਿੱਟੂ ਨੂੰ ਸਿੱਖ ਚਿਹਰੇ ਵਜੋਂ ਸਥਾਪਤ ਕਰਨ ਦੀ ਤਿਆਰੀ ਕਰ ਰਹੀ ਹੈ। ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਰਵਨੀਤ ਬਿੱਟੂ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋ ਗਏ ਸਨ।

ਭਾਜਪਾ ਨੇ ਰਵਨੀਤ ਸਿੰਘ ਬਿੱਟੂ ਨੂੰ ਰਾਜ ਸਭਾ ਦੀਆਂ ਪੌੜੀਆਂ ਚੜ੍ਹਨ ਲਈ ਸੀਟ ਲੱਭ ਲਈ ਹੈ। ਰਵਨੀਤ ਸਿੰਘ ਬਿੱਟੂ ਹਰਿਆਣਾ ਤੋਂ ਰਾਜ ਸਭਾ ਮੈਂਬਰ ਬਣ ਸਕਦੇ ਹਨ। ਦੱਸ ਦੇਈਏ ਕਿ ਰਵਨੀਤ ਸਿੰਘ ਬਿੱਟੂ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋ ਗਏ ਸਨ। ਆਨੰਦਪੁਰ ਸਾਹਿਬ ਅਤੇ ਲੁਧਿਆਣਾ ਤੋਂ ਤਿੰਨ ਵਾਰ ਕਾਂਗਰਸ ਦੇ ਸੰਸਦ ਮੈਂਬਰ ਰਹਿ ਚੁੱਕੇ ਬਿੱਟੂ ਇਸ ਵਾਰ ਭਾਜਪਾ ਦੀ ਟਿਕਟ ‘ਤੇ ਲੁਧਿਆਣਾ ਤੋਂ ਚੋਣ ਹਾਰ ਗਏ ਸਨ।

ਲੋਕ ਸਭਾ ਚੋਣਾਂ ਹਾਰਨ ਦੇ ਬਾਵਜੂਦ ਬਿੱਟੂ ਨੂੰ ਮੋਦੀ ਮੰਤਰੀ ਮੰਡਲ ਵਿੱਚ ਥਾਂ ਮਿਲੀ ਅਤੇ ਉਨ੍ਹਾਂ ਨੂੰ ਕੇਂਦਰੀ ਰੇਲ ਰਾਜ ਮੰਤਰੀ ਅਤੇ ਫੂਡ ਪ੍ਰੋਸੈਸਿੰਗ ਰਾਜ ਮੰਤਰੀ ਬਣਾਇਆ ਗਿਆ। ਮੰਤਰੀ ਦੇ ਅਹੁਦੇ ‘ਤੇ ਬਣੇ ਰਹਿਣ ਲਈ ਬਿੱਟੂ ਦਾ ਸੰਸਦ ‘ਚ ਰਹਿਣਾ ਜ਼ਰੂਰੀ ਹੈ ਅਤੇ ਇਸ ਦੇ ਲਈ 6 ਮਹੀਨੇ ਦਾ ਸਮਾਂ ਹੈ। ਹੁਣ ਹਾਲ ਹੀ ਵਿੱਚ ਹਰਿਆਣਾ ਦੀ ਇੱਕ ਰਾਜ ਸਭਾ ਸੀਟ ਖਾਲੀ ਹੋਈ ਹੈ। ਭਾਜਪਾ ਇਸ ਸੀਟ ਤੋਂ ਬਿੱਟੂ ਨੂੰ ਰਾਜ ਸਭਾ ਲਈ ਚੁਣ ਸਕਦੀ ਹੈ।

ਕਾਂਗਰਸ ਦੇ ਰਾਜ ਸਭਾ ਮੈਂਬਰ ਦੀਪੇਂਦਰ ਸਿੰਘ ਹੁੱਡਾ ਨੇ ਰੋਹਤਕ ਤੋਂ ਲੋਕ ਸਭਾ ਚੋਣ ਜਿੱਤ ਲਈ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਰਾਜ ਸਭਾ ਸੀਟ ਛੱਡ ਦਿੱਤੀ। ਇਹ ਸੀਟ ਖਾਲੀ ਹੋਣ ਕਾਰਨ ਭਾਜਪਾ ਦੀਆਂ ਨਜ਼ਰਾਂ ਇਸ ‘ਤੇ ਟਿਕੀਆਂ ਹੋਈਆਂ ਹਨ ਅਤੇ ਵਿਧਾਨ ਸਭਾ ‘ਚ ਭਾਜਪਾ ਦੇ ਵਿਧਾਇਕਾਂ ਦੀ ਪੂਰੀ ਗਿਣਤੀ ਹੋਣ ਕਾਰਨ ਜਿੱਤ ਵੀ ਯਕੀਨੀ ਕਹੀ ਜਾ ਸਕਦੀ ਹੈ। ਵਿਰੋਧੀ ਪਾਰਟੀਆਂ ਦੀ ਆਪਸੀ ਫੁੱਟ ਕਾਰਨ ਇਸ ਸੀਟ ‘ਤੇ ਭਾਜਪਾ ਦੀ ਜਿੱਤ ਯਕੀਨੀ ਮੰਨੀ ਜਾ ਰਹੀ ਹੈ। ਕਿਉਂਕਿ ਦੇਸ਼ ਭਰ ਵਿੱਚ ਰਾਜ ਸਭਾ ਦੀਆਂ ਬਹੁਤੀਆਂ ਸੀਟਾਂ ਖਾਲੀ ਨਹੀਂ ਹਨ ਅਤੇ ਹਰਿਆਣਾ ਪੰਜਾਬ ਦੇ ਨਾਲ ਲੱਗਦਾ ਸੂਬਾ ਹੈ, ਇਸ ਲਈ ਰਵਨੀਤ ਬਿੱਟੂ ਨੂੰ ਹਰਿਆਣਾ ਤੋਂ ਰਾਜ ਸਭਾ ਵਿੱਚ ਭੇਜ ਕੇ ਭਾਜਪਾ ਨਾ ਸਿਰਫ਼ ਕੇਂਦਰੀ ਮੰਤਰੀ ਵਜੋਂ ਆਪਣਾ ਅਹੁਦਾ ਬਰਕਰਾਰ ਰੱਖਣਾ ਚਾਹੇਗੀ, ਸਗੋਂ ਹਰਿਆਣੇ ਵਿੱਚ ਸਿੱਖਾਂ ਦਾ ਭਰੋਸਾ ਜਿੱਤਣ ਲਈ ਕੋਸ਼ਿਸ਼ ਵੀ ਕਰੇਗੀ।

Leave a Reply