ਨਵੀਂ ਦਿੱਲੀ : ਕੇਂਦਰੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ (Jyotiraditya Scindia) ਦੀ ਮਾਂ ਮਾਧਵੀ ਰਾਜੇ ਸਿੰਧੀਆ (Madhavi Raje Scindia) ਦਾ ਅੱਜ ਸਵੇਰੇ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (AIIMS) ਵਿੱਚ ਦਿਹਾਂਤ ਹੋ ਗਿਆ। ਸੂਤਰ ਨੇ ਦੱਸਿਆ ਕਿ ਉਨ੍ਹਾਂ ਨੇ ਸਵੇਰੇ 9.28 ਵਜੇ ਆਖਰੀ ਸਾਹ ਲਿਆ। ਉਹ ਪਿਛਲੇ ਕੁਝ ਦਿਨਾਂ ਤੋਂ ਵੈਂਟੀਲੇਟਰ ‘ਤੇ ਸੀ। ਉਨ੍ਹਾਂ ਦਾ ਪਿਛਲੇ ਤਿੰਨ ਮਹੀਨਿਆਂ ਤੋਂ ਏਮਜ਼ ‘ਚ ਇਲਾਜ ਚੱਲ ਰਿਹਾ ਸੀ। ਉਹ ਨਿਮੋਨੀਆ ਦੇ ਨਾਲ-ਨਾਲ ਸੇਪਸਿਸ ਤੋਂ ਵੀ ਪੀੜਤ ਸੀ।
ਦਿੱਲੀ ‘ਚ ਉਨ੍ਹਾਂ ਦੀ ਮੌਤ ਤੋਂ ਬਾਅਦ ਮਾਧਵੀ ਰਾਜੇ ਦੀ ਮ੍ਰਿਤਕ ਦੇਹ ਨੂੰ ਅੰਤਿਮ ਸਸਕਾਰ ਲਈ ਮੱਧ ਪ੍ਰਦੇਸ਼ ਦੇ ਗਵਾਲੀਅਰ ਲਿਆਂਦਾ ਜਾਵੇਗਾ। ਪਿਛਲੇ ਮਹੀਨਿਆਂ ਤੋਂ ਦਿੱਲੀ ਦੇ ਇੱਕ ਹਸਪਤਾਲ ਵਿੱਚ ਜ਼ੇਰੇ ਇਲਾਜ ਮਾਧਵੀ ਰਾਜੇ ਸਿੰਧੀਆ ਦੀ ਸਿਹਤ ਨਾਜ਼ੁਕ ਪੜਾਅ ‘ਤੇ ਪਹੁੰਚ ਗਈ ਸੀ। ਗੁਨਾ ਸੰਸਦੀ ਹਲਕੇ ਤੋਂ ਭਾਜਪਾ ਉਮੀਦਵਾਰ ਜੋਤੀਰਾਦਿੱਤਿਆ ਸਿੰਧੀਆ ਆਪਣੀ ਪਤਨੀ ਪ੍ਰਿਅਦਰਸ਼ਨੀ ਰਾਜੇ ਅਤੇ ਬੇਟੇ ਮਹਾਆਰਯਮਨ ਸਿੰਧੀਆ ਦੇ ਨਾਲ ਚੋਣ ਪ੍ਰਚਾਰ ਅੱਧ ਵਿਚਾਲੇ ਛੱਡ ਕੇ ਦਿੱਲੀ ਜਾਣਾ ਪਿਆ।
ਮਾਧਵੀ ਰਾਜੇ ਸਿੰਧੀਆ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕਰਦੇ ਹੋਏ ਕਾਂਗਰਸ ਨੇਤਾ ਕਮਲਨਾਥ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਲਿਖਿਆ ਮੈਂ ਆਪਣੇ ਸੰਵੇਦਨਾ ਦਾ ਪ੍ਰਗਟਾਵਾ ਕਰਦਾ ਹਾਂ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਵਿਛੜੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਸਿੰਧੀਆ ਪਰਿਵਾਰ ਨੂੰ ਇਹ ਨਾ ਪੂਰਾ ਹੋਣ ਵਾਲਾ ਘਾਟਾ ਸਹਿਣ ਦਾ ਬਲ ਬਖਸ਼ੇ। ‘ਇੱਕ ਦਿਲੋਂ ਸ਼ਰਧਾਂਜਲੀ’
ਤੁਹਾਨੂੰ ਦੱਸ ਦੇਈਏ ਕਿ ਮਾਧਵੀ ਰਾਜੇ ਸਿੰਧੀਆ ਇੱਕ ਸ਼ਾਹੀ ਪਰਿਵਾਰ ਤੋਂ ਹੈ। ਮਾਧਵੀ ਰਾਜੇ ਸਿੰਧੀਆ ਦੇ ਦਾਦਾ ਜੁਡ ਸ਼ਮਸ਼ੇਰ ਜੰਗ ਬਹਾਦਰ ਨੇਪਾਲ ਦੇ ਪ੍ਰਧਾਨ ਮੰਤਰੀ ਸਨ। 1966 ਵਿੱਚ, ਨੇਪਾਲ ਦੇ ਸ਼ਾਹੀ ਪਰਿਵਾਰ ਦੀ ਰਾਜਕੁਮਾਰੀ ਮਾਧਵੀ ਦਾ ਵਿਆਹ ਗਵਾਲੀਅਰ ਦੇ ਮਹਾਰਾਜਾ ਜੋਤੀਰਾਦਿਤਿਆ ਸਿੰਧੀਆ ਦੇ ਪਿਤਾ ਮਾਧਵਰਾਓ ਸਿੰਧੀਆ ਨਾਲ ਹੋਇਆ ਸੀ। ਜ਼ਿਕਰਯੋਗ ਹੈ ਕਿ 30 ਸਤੰਬਰ 2001 ਨੂੰ ਮੈਨਪੁਰੀ (ਯੂ.ਪੀ.) ਨੇੜੇ ਇਕ ਜਹਾਜ਼ ਹਾਦਸੇ ਵਿਚ ਤਤਕਾਲੀ ਕਾਂਗਰਸੀ ਨੇਤਾ ਮਾਧਵਰਾਓ ਸਿੰਧੀਆ ਦੀ ਮੌਤ ਹੋ ਗਈ ਸੀ।