ਕੁਸ਼ੀਨਗਰ: ਯੂ.ਪੀ ਦੇ ਕੁਸ਼ੀਨਗਰ ਵਿੱਚ ਨਕਲੀ ਨੋਟਾਂ ਦੇ ਇੱਕ ਵੱਡੇ ਕੌਮਾਂਤਰੀ ਗਿਰੋਹ (A Large International Gang) ਦਾ ਪਰਦਾਫਾਸ਼ ਹੋਇਆ ਹੈ। ਪੁਲਿਸ ਨੇ ਸਮਾਜਵਾਦੀ ਪਾਰਟੀ ਦੀ ਲੋਹੀਆ ਵਾਹਿਨੀ ਦੇ ਰਾਸ਼ਟਰੀ ਸਕੱਤਰ ਮੁਹੰਮਦ ਰਫੀਕ ਖਾਨ ਉਰਫ ਬਬਲੂ ਸਮੇਤ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਦੋਸ਼ੀ ਰਫੀਕ ਖਾਨ ਦੀ ਇਕ ਤਸਵੀਰ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨਾਲ ਹੱਥ ਮਿਲਾਉਂਦੇ ਹੋਏ ਦੇਖਿਆ ਜਾ ਸਕਦਾ ਹੈ।
ਰਫੀਕ ਖਾਨ ਨੂੰ ਧੋਖਾਧੜੀ ਕਰਨ ਵਾਲੇ ਗਿਰੋਹ ਦਾ ਮਾਸਟਰ ਮਾਈਂਡ ਦੱਸਿਆ ਜਾਂਦਾ ਹੈ। ਦਰਜ ਕੀਤੀ ਗਈ ਸ਼ਿਕਾਇਤ ਅਨੁਸਾਰ ਉਸ ਨੇ ਨੇਪਾਲ, ਯੂ.ਪੀ ਅਤੇ ਬਿਹਾਰ ਦੇ ਸਰਹੱਦੀ ਇਲਾਕਿਆਂ ਵਿੱਚ ਜਾਅਲੀ ਨੋਟਾਂ ਦਾ ਨੈੱਟਵਰਕ ਕਾਇਮ ਕੀਤਾ ਹੋਇਆ ਸੀ। ਫੜੇ ਗਏ ਹੋਰ ਮੁਲਜ਼ਮਾਂ ਵਿੱਚ ਨੌਸ਼ਾਦ ਖਾਨ ਸਮਾਜਵਾਦੀ ਪਾਰਟੀ ਦੇ ਸੱਭਿਆਚਾਰਕ ਸੈੱਲ ਦਾ ਉਪ ਪ੍ਰਧਾਨ ਦੱਸਿਆ ਜਾਂਦਾ ਹੈ। ਪੁਲਿਸ ਨੇ 5.62 ਲੱਖ ਰੁਪਏ ਦੇ ਨਕਲੀ ਨੋਟ, 1.10 ਲੱਖ ਰੁਪਏ ਦੇ ਅਸਲੀ ਨੋਟ, ਤਿੰਨ ਹਜ਼ਾਰ ਨੇਪਾਲੀ ਕਰੰਸੀ, 10 ਦੇਸੀ ਪਿਸਤੌਲ, 4 ਟਵਿਨ ਬੰਬ, 2 ਨੇਪਾਲੀ ਸਿਮ ਅਤੇ 26 ਜਾਅਲੀ ਦਸਤਾਵੇਜ਼ ਬਰਾਮਦ ਕੀਤੇ ਹਨ।
ਕੁਸ਼ੀਨਗਰ ਦੇ ਐੱਸ.ਪੀ ਸੰਤੋਸ਼ ਮਿਸ਼ਰਾ ਨੇ ਕਿਹਾ, ‘ਜ਼ਿਲ੍ਹੇ ‘ਚ ਨਕਲੀ ਨੋਟਾਂ ਦਾ ਕਾਰੋਬਾਰ ਕਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ।ਜਿਸ ਵਿੱਚ ਕੁੱਲ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਕੋਲੋਂ ਲੱਖਾਂ ਦੇ ਜਾਅਲੀ ਨੋਟ, 1 ਲੱਖ ਰੁਪਏ ਤੋਂ ਵੱਧ ਦੀ ਨਕਦੀ, 10 ਦੇਸੀ ਪਿਸਤੌਲ, 30 ਗੋਲੀਆਂ ਅਤੇ 12 ਖੋਲ ਬਰਾਮਦ ਕੀਤੇ ਗਏ ਹਨ, ਇਸ ਤੋਂ ਇਲਾਵਾ 4 ਸੂਤਲੀ ਬੰਬ (ਪਟਾਕੇ) ਵੀ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਨੇਪਾਲੀ ਕਰੰਸੀ ਵੀ ਬਰਾਮਦ ਕੀਤੀ ਗਈ ਹੈ, ਸਾਨੂੰ ਸੂਚਨਾ ਮਿਲੀ ਹੈ ਕਿ ਇਨ੍ਹਾਂ ਦੀ ਨੇਪਾਲ ਵਿੱਚ ਵੀ ਆਵਾਜਾਈ ਸੀ।
ਦੋਸ਼ੀ ਰਫੀਕ ਖਾਨ ਅਤੇ ਅਖਿਲੇਸ਼ ਯਾਦਵ ਦੀ ਵਾਇਰਲ ਤਸਵੀਰ ਨੇ ਸਿਆਸੀ ਹਲਕਿਆਂ ‘ਚ ਹਲਚਲ ਮਚਾ ਦਿੱਤੀ ਹੈ। ਸਿਆਸੀ ਨਜ਼ਰੀਏ ਤੋਂ ਇਹ ਮਾਮਲਾ ਸਮਾਜਵਾਦੀ ਪਾਰਟੀ ਲਈ ਚੁਣੌਤੀ ਬਣ ਸਕਦਾ ਹੈ। ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ‘ਚ ਬਿਹਾਰ ਦੇ ਸੀਵਾਨ ਦੇ ਜਿਤੇਂਦਰ ਯਾਦਵ, ਗੋਪਾਲਗੰਜ ਦੇ ਮਨੀਸ਼ ਕੁਮਾਰ ਅਤੇ ਕਮਰੂਦੀਨ ਸਮੇਤ ਚਾਰ ਦੋਸ਼ੀ ਫਰਾਰ ਹਨ। ਪੁਲਿਸ ਨੇ ਦਾਅਵਾ ਕੀਤਾ ਕਿ ਚਾਰੋਂ ਫਰਾਰ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।
ਕੁਸ਼ੀਨਗਰ ਪੁਲਿਸ ਨੇ ਇਸ ਗਰੋਹ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੇ ਨਾਂ ਔਰੰਗਜ਼ੇਬ, ਮੁਹੰਮਦ ਰਫੀ, ਨੌਸ਼ਾਦ ਖਾਨ, ਪਰਵੇਜ਼ ਇਲਾਹੀ ਉਰਫ ਕੌਸਰ ਅਫਰੀਦੀ, ਸ਼ੇਖ ਜਮਾਲੁੱਦੀਨ, ਨਿਆਜ਼ੂਦੀਨ ਉਰਫ ਮੁੰਨਾ, ਰੇਹਾਨ ਖਾਨ ਉਰਫ ਸੱਦਾਮ, ਮੁਹੰਮਦ ਰਫੀਕ ਉਰਫ ਬਬਲੂ ਖਾਨ, ਹਾਸ਼ਿਮ ਖਾਨ ਅਤੇ ਸਿਰਾਜ ਹਾਸ਼ਮਤੀ ਹਨ।