ਪੰਜਾਬ : ਕਿਸਾਨਾਂ ਦੇ ਧਰਨੇ ਦੌਰਾਨ ਖਨੌਰੀ ਸਰਹੱਦ ‘ਤੇ ਮਾਰੇ ਗਏ ਸ਼ੁਭਕਰਨ ਸਿੰਘ (Shubkaran Singh) ਦਾ ਅੰਤਿਮ ਸੰਸਕਾਰ ਅੱਜ ਕੀਤਾ ਜਾਵੇਗਾ। ਦਰਅਸਲ ਬਠਿੰਡਾ ਦੇ ਕਿਸਾਨ ਸ਼ੁਭ ਕਰਨ ਸਿੰਘ ਦੀ ਮੌਤ ਦੇ ਮਾਮਲੇ ‘ਚ ਪੰਜਾਬ ਪੁਲਿਸ ਨੇ ਆਖ਼ਰਕਾਰ ਵੱਡੀ ਕਾਰਵਾਈ ਕਰਦਿਆਂ ਪਟਿਆਲਾ ਦੇ ਪੈਂਟਰਾ ਪੁਲਿਸ ਸਟੇਸ਼ਨ ‘ਚ ਐਫ.ਆਈ.ਆਰ ਦਰਜ ਕਰ ਲਈ ਹੈ, ਜਿਸ ਦੇ ਮੱਦੇਨਜ਼ਰ ਸ਼ਹੀਦ ਦੇ ਅੰਤਿਮ ਸੰਸਕਾਰ ਲਈ ਪਰਿਵਾਰ ਅਤੇ ਕਿਸਾਨ ਜਥੇਬੰਦੀਆਂ ਨੇ ਸਹਿਮਤੀ ਜਤਾਈ ਹੈ ।
ਪੰਜਾਬ ਪੁਲਿਸ ਦੇ ਆਈ.ਜੀ ਸੁਖਚੈਨ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੁਭਕਰਨ ਸਿੰਘ ਦੀ ਮ੍ਰਿਤਕ ਦੇਹ ਨੂੰ ਖਨੌਰੀ ਸਰਹੱਦ ਵਿਖੇ ਸ਼ਰਧਾਂਜਲੀ ਦੇਣ ਲਈ ਲਿਜਾਇਆ ਜਾਵੇਗਾ। ਇਸ ਤੋਂ ਬਾਅਦ ਖਨੌਰੀ ਸਰਹੱਦ ‘ਤੇ ਸ਼ੁਭਕਰਨ ਸਿੰਘ ਦੇ ਪਿੰਡ ਤੋਂ ਉਨ੍ਹਾਂ ਦੀ ਅੰਤਿਮ ਯਾਤਰਾ ਕੱਢੀ ਜਾਵੇਗੀ। ਫਿਰ ਦੁਪਹਿਰ 2 ਵਜੇ ਤੋਂ ਬਾਅਦ ਅੰਤਿਮ ਸੰਸਕਾਰ ਕੀਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਪਰਿਵਾਰ ਨੂੰ 1 ਕਰੋੜ ਰੁਪਏ ਦੀ ਰਾਸ਼ੀ ਦੇ ਰਹੇ ਹਨ ਅਤੇ ਉਨ੍ਹਾਂ ਦੀ ਇੱਛਾ ਅਨੁਸਾਰ ਪਰਿਵਾਰ ਦੀ ਧੀ ਨੂੰ ਕਾਂਸਟੇਬਲ ਦੀ ਨੌਕਰੀ ਦਿੱਤੀ ਜਾ ਰਹੀ ਹੈ।