ਪਟਿਆਲਾ : ਕਿਸਾਨੀ ਸੰਘਰਸ਼ ਦੇ ਚੱਲਦਿਆਂ ਸਾਰਾ ਦਿਨ ਪਟਿਆਲਾ (Patiala) ਕਿਸਾਨੀ ਸੰਘਰਸ਼ ਦਾ ਕੇਂਦਰ ਬਿੰਦੂ ਬਣਿਆ ਰਿਹਾ। ਅਸਲ ’ਚ ਸ਼ੰਭੂ, ਖਨੌਰੀ ਅਤੇ ਪਿਹੋਵਾ ਤਿੰਨੋਂ ਮੁੱਖ ਬਾਰਡਰ ਪਟਿਆਲਾ ਜ਼ਿਲ੍ਹੇ ’ਚ ਪੈਂਦੇ ਹਨ। ਸਾਰੇ ਪੰਜਾਬ ਨੂੰ ਪਟਿਆਲਾ ਜ਼ਿਲ੍ਹੇ ’ਚੋਂ ਲੰਘ ਕੇ ਹੀ ਹਰਿਆਣਾ ਬਾਰਡਰ (Haryana Border) ’ਤੇ ਪੁੱਜਣਾ ਪੈ ਰਿਹਾ ਹੈ।
ਪਟਿਆਲਾ ਜ਼ਿਲ੍ਹੇ ਦੇ ਬਹੁਤੇ ਪਿੰਡਾਂ ਦੇ ਅੰਦਰ ਜ਼ਿਆਦਾਤਰ ਕਿਸਾਨ ਸੰਘਰਸ਼ ਲਈ ਟਰੈਕਟਰ-ਟਰਾਲੀਆਂ ’ਤੇ ਲੈਸ ਹੋ ਕੇ ਚੱਲੇ ਹਨ, ਜਿਸ ਕਾਰਨ ਪਿੰਡਾਂ ਦੇ ਪਿੰਡ ਇਕ ਤਰ੍ਹਾਂ ਖਾਲੀ ਨਜ਼ਰ ਆ ਰਹੇ ਹਨ। ਬਜ਼ੁਰਗਾਂ ਦੇ ਨਾਲ-ਨਾਲ ਨੌਜਵਾਨਾਂ ’ਚ ਵੀ ਸੰਘਰਸ਼ ਲਈ ਭਾਰੀ ਉਤਸ਼ਾਹ ਦੇਖਿਆ ਗਿਆ। ਇਹ ਆਪਣਾ ਪਹਿਲਾ ਨਿਵੇਕਲੀ ਕਿਸਮ ਦਾ ਸੰਘਰਸ਼ ਹੈ, ਜਿੱਥੇ ਟਰੈਕਟਰ-ਟਰਾਲੀ ਵੀ ਆਪਣਾ, ਰਾਸ਼ਨ ਪਾਣੀ ਵੀ ਆਪਣਾ ਅਤੇ ਤੇਲ ਤੱਕ ਸਭ ਕੁਝ ਆਪਣੀ ਜੇਬ ’ਚੋਂ ਪਵਾਇਆ ਜਾ ਰਿਹਾ ਹੈ।
ਲੰਘੇ ਕੱਲ ਤੋਂ ਹੀ ਟਰੈਕਟਰ-ਟਰਾਲੀਆਂ ਪਟਿਆਲਾ ਪੁੱਜ ਰਹੀਆਂ ਸਨ। ਕਿਸਾਨਾਂ ਨੇ ਪਟਿਆਲਾ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ’ਚ ਡੇਰੇ ਜਮਾ ਲਏ ਸਨ। ਕੱਲ ਰਾਤ ਕੱਟਣ ਤੋਂ ਬਾਅਦ ਸਵੇਰੇ ਸਮੁੱਚੀਆਂ ਟਰੈਕਟਰ-ਟਰਾਲੀਆਂ ਸ਼ੰਭੂ ਅਤੇ ਖਨੌਰੀ ਬਾਰਡਰ ਵੱਲ ਰਵਾਨਾ ਹੋਈਆਂ। ਤਿੱਖੀ ਨਾਅਰਿਆਂ ਦੀ ਗੂੰਜ ਅਤੇ ਪਿੰਡਾਂ ’ਚੋਂ ਹਰ ਗੁਰਦੁਆਰਾ ’ਚੋਂ ਕਿਸਾਨ ਅਰਦਾਸ ਕਰ ਕੇ ਚੱਲ ਰਹੇ ਸਨ। ਇਸ ਮੌਕੇ ਇਕ-ਦੂਸਰੇ ਦੀ ਡੱਟ ਕੇ ਕਿਸਾਨ ਮਦਦ ਕਰ ਰਹੇ ਹਨ। ਲੋੜਵੰਦਾਂ ਨੂੰ ਰਾਸ਼ਨ, ਪਾਣੀ ਸਮੇਤ ਹਰ ਚੀਜ਼ ਮੁਹੱਈਆ ਕਰਵਾਈ ਜਾ ਰਹੀ ਹੈ।
ਪਹਿਲੇ ਬੈਚ ’ਚ ਟਰੈਕਟਰ-ਟਰਾਲੀਆਂ ਸਭ ਕੁਝ ਲੈ ਕੇ ਚਲੀਆਂ ਗਈਆਂ। ਉਸ ਤੋਂ ਬਾਅਦ ਫਿਰ ਦੇਰ ਸ਼ਾਮ ਵੀ ਵੱਡੀ ਗਿਣਤੀ ’ਚ ਟਰੈਕਟਰ-ਟਰਾਲੀਆਂ ਰਾਸ਼ਨ ਪਾਣੀ ਅਤੇ ਹੋਰ ਚੀਜ਼ਾਂ ਲੈ ਕੇ ਰਵਾਨਾ ਹੋਈਆਂ ਹਨ, ਜਿਸ ਤੋਂ ਸਪੱਸ਼ਟ ਹੈ ਕਿ ਕਿਸਾਨ ਪੂਰੀ ਤਰ੍ਹਾਂ ਲੰਬਾ ਸੰਘਰਸ਼ ਲੜਨ ਦੇ ਮੂਡ ’ਚ ਹਨ। ਕਿਸਾਨੀ ਸੰਘਰਸ਼ ਨੂੰ ਲੈ ਕੇ ਇਕ ਵਾਰ ਫਿਰ ਪੰਜਾਬ ਦੇਸ਼ ਦੀਆਂ ਸੁਰਖੀਆਂ ’ਤੇ ਆ ਗਿਆ ਹੈ। ਕਿਸਾਨਾਂ ਨੂੰ ਤੋੜਨ ਲਈ ਪੂਰੀ ਜ਼ੋਰ-ਅਜ਼ਮਾਈ ਹੋ ਰਹੀ ਹੈ। ਇਸ ਦੇ ਬਾਵਜੂਦ ਵੀ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਪੰਜਾਬ ਦੀ ਚਰਚਾ ਦੇਸ਼ ਅਤੇ ਵਿਦੇਸ਼ਾਂ ਅੰਦਰ ਫਿਰ ਤੋਂ ਤੁਰ ਪਈ ਹੈ ਕਿ ਪੰਜਾਬ ਦੇ ਕਿਸਾਨ ਦੇ ਨਾਲ ਕਿਉਂ ਧੱਕਾ ਹੋ ਰਿਹਾ ਹੈ।