ਪੰਜਾਬ : ਪੰਜਾਬ ਵਾਸੀਆਂ ਲਈ ਅਹਿਮ ਖ਼ਬਰ ਹੈ। ਦਰਅਸਲ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ (Joginder Singh Ugrahan) ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ (Sukhdev Singh Kokri Kalan) ਨੇ ਕਿਹਾ ਕਿ ਜੋ ਕਿਸਾਨ ਜਥੇਬੰਦੀਆਂ ਦਿੱਲੀ ਜਾਣ ਲਈ ਹਰਿਆਣਾ ਦੀ ਸਰਹੱਦ ’ਤੇ ਪੁੱਜੀਆਂ ਹਨ, ਉਹ ਸੰਯੁਕਤ ਕਿਸਾਨ ਮੋਰਚਾ ਦਾ ਹਿੱਸਾ ਨਹੀਂ ਹੈ ਸਗੋਂ ਯੂਨੀਅਨ ਹੈ ਜੋ ਹਰਿਆਣਾ ਸਰਕਾਰ ਵੱਲੋਂ ਉਨ੍ਹਾਂ ਕਿਸਾਨਾਂ ‘ਤੇ ਕੀਤੇ ਜਾ ਰਹੇ ਅੱਤਿਆਚਾਰਾਂ ਦੀ ਸਖ਼ਤ ਨਿਖੇਧੀ ਕਰਦੀ ਹੈ।
ਇਸ ਦੇ ਵਿਰੋਧ ‘ਚ ਉਨ੍ਹਾਂ ਦੀ ਜਥੇਬੰਦੀ 17-18 ਫਰਵਰੀ ਨੂੰ ਸੂਬੇ ਦੇ ਸਾਰੇ ਟੋਲ ਪਲਾਜ਼ਿਆਂ ‘ਤੇ ਡਰਾਈਵਰਾਂ ਤੋਂ ਟੋਲ ਵਸੂਲਣ ਨਹੀਂ ਦੇਵੇਗੀ ਅਤੇ ਆਮ ਲੋਕਾਂ ਲਈ ਟੋਲ ਫਰੀ ਕਰਾਵੇਗੀ । ਦੱਸ ਦਈਏ ਕਿ ਕੱਲ੍ਹ ਭਾਰਤ ਬੰਦ ਦੌਰਾਨ ਕਿਸਾਨ ਜਥੇਬੰਦੀਆਂ ਨੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜ਼ਾ ‘ਤੇ 4 ਘੰਟੇ ਤੱਕ ਧਰਨਾ ਦਿੱਤਾ ਸੀ ਅਤੇ ਇਸ ਦੌਰਾਨ ਇਹ ਟੋਲ ਫਰੀ ਰਿਹਾ ਸੀ।
ਦੂਜੇ ਪਾਸੇ ਸ਼ੰਭੂ ਸਰਹੱਦ ‘ਤੇ ਇੱਕ ਵਾਰ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ‘ਤੇ ਅੱਥਰੂ ਗੈਸ ਦੇ ਗੋਲੇ ਛੱਡੇ ਗਏ ਸਨ। ਕਈ ਘੰਟੇ ਇਹ ਮਾਹੌਲ ਗਰਮ ਰਿਹਾ ਸੀ। ਕਿਸਾਨਾਂ ਨੇ ਸ਼ੰਭੂ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਕਾਰਨ ਹਰਿਆਣਾ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਸੀ। ਹਰਿਆਣਾ ਪੁਲਿਸ ਅਤੇ ਪੈਰਾ ਮਿਲਟਰੀ ਫੋਰਸ ਵੱਲੋਂ ਸੁੱਟੇ ਗਏ ਅੱਥਰੂ ਗੈਸ ਦੇ ਗੋਲਿਆਂ ਅਤੇ ਪਲਾਸਟਿਕ ਦੀਆਂ ਗੋਲੀਆਂ ਕਾਰਨ 18 ਦੇ ਕਰੀਬ ਕਿਸਾਨ ਜ਼ਖਮੀ ਹੋ ਗਏ ਸਨ, ਜਿਨ੍ਹਾਂ ਨੂੰ ਰਾਜਪੁਰਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇਸ ਤੋਂ ਇਲਾਵਾ ਇੱਕ ਕਿਸਾਨ ਗਿਆਨ ਸਿੰਘ (63) ਦੀ ਮੌਤ ਹੋ ਗਈ ਸੀ।