ਪਟਿਆਲਾ: ਸਾਂਝੇ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਆਗੂਆਂ ਨੇ ਅੱਜ ਸ਼ੰਭੂ ਸਰਹੱਦ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਸ਼ੰਭੂ ਅਤੇ ਖਨੌਰੀ ਦੀਆਂ ਸਰਹੱਦਾਂ ’ਤੇ ਚੱਲ ਰਿਹਾ ਕਿਸਾਨ ਅੰਦੋਲਨ 55 ਦਿਨਾਂ ਤੋਂ ਆਪਣੇ ਸਿਖਰ ’ਤੇ ਹੈ ਅਤੇ ਅਸੀਂ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਹੀ ਵਾਪਸੀ ਕਰਾਂਗੇ।

ਕਿਸਾਨ ਆਗੂਆਂ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ ਦੋਵਾਂ ਜਥੇਬੰਦੀਆਂ ਨੇ ਆਪਸੀ ਸਹਿਮਤੀ ਨਾਲ 5 ਮੈਂਬਰੀ ਕਮੇਟੀ ਬਣਾਈ ਹੈ ਜੋ ਦੇਸ਼ ਦੇ ਵੱਖ-ਵੱਖ ਮਾਹਿਰਾਂ ਨਾਲ ਤਾਲਮੇਲ ਕਰਕੇ MSP ਦਾ ਸਹੀ ਮੁਲਾਂਕਣ ਸੋਧਾਂ ‘ਤੇ ਵਿਚਾਰ ਕਰੇਗੀ ਅਤੇ MSP ਬਾਰੇ ਫੈਲਾਏ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਅਤੇ ਗਲਤ ਜਾਣਕਾਰੀ ਦਾ ਵਿਸ਼ਲੇਸਣ ਕਰੇਗੀ ਅਤੇ ਇਸ ਦੀ ਦੇਸ਼ ਨੂੰ ਰਿਪੋਰਟ ਪੇਸ਼ ਕਰੇਗਾ।

ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ 9 ਅਪਰੈਲ ਤੱਕ ਗ੍ਰਿਫ਼ਤਾਰ ਕਿਸਾਨਾਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਸ਼ੰਭੂ ਸਰਹੱਦ ’ਤੇ ਪੱਕੇ ਤੌਰ ’ਤੇ ਰੇਲ ਹੜਤਾਲ ਸ਼ੁਰੂ ਕੀਤੀ ਜਾਵੇਗੀ ਜਿਸ ਲਈ ਸਰਕਾਰ ਜ਼ਿੰਮੇਵਾਰ ਹੋਵੇਗੀ। ਦੇਸ਼ ਭਰ ਵਿੱਚ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਕਿਸਾਨ ਮਜ਼ਦੂਰ ਮੋਰਚਾ ਦਾ 5 ਮੈਂਬਰੀ ਵਫ਼ਦ ਅੱਜ ਸ਼ਾਮ ਦੱਖਣੀ ਭਾਰਤ ਲਈ ਰਵਾਨਾ ਹੋ ਗਿਆ ਹੈ, ਜਿਸ ਦੀ ਅਗਵਾਈ ਸਰਵਣ ਸਿੰਘ ਪੰਧੇਰ ਕਰਨਗੇ।

ਸ਼ੰਭੂ ਬਾਰਡਰ ਤੋਂ ਸ਼ਹੀਦ ਸ਼ੁਭਕਰਨ ਸਿੰਘ ਦੀ ਅਸਤੀ ਯਾਤਰਾ ਮੱਧ ਪ੍ਰਦੇਸ਼ ਅਤੇ ਬਿਹਾਰ ਲਈ ਰਵਾਨਾ ਹੋਈ। ਇਸ ਮੌਕੇ ਸੁਖਜੀਤ ਸਿੰਘ, ਜਸਵਿੰਦਰ ਸਿੰਘ ਲੌਂਗੋਵਾਲ, ਲਖਵਿੰਦਰ ਸਿੰਘ ਔਲਖ, ਅਮਰਜੀਤ ਸਿੰਘ, ਗੁਰਵਿੰਦਰ ਸਿੰਘ ਭੰਗੂ, ਸਤਨਾਮ ਸਿੰਘ ਸਾਹਨੀ, ਦਵਿੰਦਰ ਸਿੰਘ, ਗੁਰਨੀਤ ਸਿੰਘ ਮਾਂਗਟ, ਬਲਦੇਵ ਸਿੰਘ ਕਲੇਰ, ਹਰਵਿੰਦਰ ਸਿੰਘ ਆਦਿ ਹਾਜ਼ਰ ਸਨ।

Leave a Reply