ਅੰਬਾਲਾ : ਕਿਸਾਨਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅੱਜ ਤੀਜੇ ਦਿਨ ਕਿਸਾਨਾਂ ਦੀ ਰੇਲ ਰੋਕੋ ਮੁਹਿੰਮ ਜਾਰੀ ਰਹੀ। ਰੇਲਵੇ ਟਰੈਕ ਬੰਦ ਹੋਣ ਕਾਰਨ ਅੰਬਾਲਾ ਰੇਲਵੇ ਡਵੀਜ਼ਨ ਨੇ 139 ਟਰੇਨਾਂ ਰੱਦ ਕਰ ਦਿੱਤੀਆਂ ਹਨ ਅਤੇ 170 ਟਰੇਨਾਂ ਦੇ ਰੂਟ ਬਦਲ ਦਿੱਤੇ ਹਨ। ਰੇਲਵੇ ਅਧਿਕਾਰੀ ਮੁਤਾਬਕ ਇਸ ਅੰਦੋਲਨ ਨਾਲ ਕੁੱਲ 382 ਟਰੇਨਾਂ ਪ੍ਰਭਾਵਿਤ ਹੋਈਆਂ ਹਨ। ਜੇਕਰ ਕਿਸਾਨ ਚੰਡੀਗੜ੍ਹ ਰੇਲਵੇ ਨੂੰ ਵੀ ਰੋਕਦੇ ਹਨ ਤਾਂ ਸਾਰੀਆਂ ਟਰੇਨਾਂ ਰੱਦ ਹੋ ਸਕਦੀਆਂ ਹਨ ਅਤੇ ਜ਼ਰੂਰੀ ਸੇਵਾਵਾਂ ਵੀ ਪ੍ਰਭਾਵਿਤ ਹੋ ਸਕਦੀਆਂ ਹਨ।
ਕਿਸਾਨਾਂ ਨੇ ਜੇਲ੍ਹ ‘ਚ ਬੰਦ ਕਿਸਾਨਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸ਼ੰਭੂ ਨੇੜੇ ਰੇਲਵੇ ਟ੍ਰੈਕ ‘ਤੇ ਜਾਮ ਲਗਾਇਆ ਸੀ, ਪਟੜੀ ‘ਤੇ ਬੈਠੇ ਕਿਸਾਨਾਂ ਦਾ ਅੱਜ ਤੀਜਾ ਦਿਨ ਹੈ, ਜਿਸ ਕਾਰਨ ਆਮ ਜਨਤਾ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਸਟੇਸ਼ਨ ‘ਤੇ ਯਾਤਰੀਆਂ ਦੀ ਭੀੜ ਲੱਗੀ ਹੋਈ ਹੈ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਸੀਨੀਅਰ ਡੀਸੀਐਮ ਨਵੀਨ ਯਾਦਵ ਦਾ ਕਹਿਣਾ ਹੈ ਕਿ ਅੰਬਾਲਾ ਰੇਲਵੇ ਡਿਵੀਜ਼ਨ ਤੋਂ ਹੁਣ ਤੱਕ 139 ਬੀ ਟਰੇਨਾਂ ਰੱਦ ਕੀਤੀਆਂ ਜਾ ਚੁੱਕੀਆਂ ਹਨ ਅਤੇ ਕਈ ਟਰੇਨਾਂ ਨੂੰ ਅੱਧ ਵਿਚਾਲੇ ਰੱਦ ਕਰਨਾ ਪਿਆ ਹੈ। ਰੇਲਵੇ ਵੱਲੋਂ 170 ਟਰੇਨਾਂ ਦੇ ਰੂਟ ਬਦਲੇ ਗਏ ਹਨ। ਰੇਲਵੇ ਦਾ ਕਹਿਣਾ ਹੈ ਕਿ ਜੇਕਰ ਅੰਦੋਲਨ ਲੰਬੇ ਸਮੇਂ ਤੱਕ ਜਾਰੀ ਰਿਹਾ ਤਾਂ ਜੰਮੂ-ਕਸ਼ਮੀਰ ‘ਚ ਤੇਲ ਦੀ ਸਪਲਾਈ ‘ਚ ਦਿੱਕਤ ਆਵੇਗੀ। ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਰੇਲਵੇ ਵੱਲੋਂ ਹੈਲਪ ਡੈਸਕ ਵੀ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਫਿਲਹਾਲ ਰੇਲ ਗੱਡੀ ਚੰਡੀਗੜ੍ਹ ਤੋਂ ਜੰਮੂ ਤੋਂ ਲੁਧਿਆਣਾ ਵਾਇਆ ਜਾ ਰਹੀ ਹੈ।