ਕਾਨਪੁਰ : ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲ੍ਹੇ (Kanpur District) ਵਿੱਚ ਅੱਜ ਸਵੇਰੇ ਇੱਕ ਵੱਡਾ ਰੇਲ ਹਾਦਸਾ ਵਾਪਰ ਗਿਆ। ਵਾਰਾਣਸੀ ਤੋਂ ਅਹਿਮਦਾਬਾਦ ਜਾ ਰਹੀ ਸਾਬਰਮਤੀ ਐਕਸਪ੍ਰੈਸ (Sabarmati Express) ਦੇ ਇੰਜਣ ਪਟੜੀ ‘ਤੇ ਲੱਗੇ ਇੱਕ ਭਾਰੀ ਪੱਥਰ ਨਾਲ ਟਕਰਾ ਜਾਣ ਕਾਰਨ 22 ਬੋਗੀਆਂ ਪਟੜੀ ਤੋਂ ਉਤਰ ਗਈਆਂ। ਇਸ ਹਾਦਸੇ ਵਿੱਚ ਕਿਸੇ ਵੀ ਯਾਤਰੀ ਜਾਂ ਰੇਲਵੇ ਕਰਮਚਾਰੀ ਨੂੰ ਗੰਭੀਰ ਸੱਟ ਨਹੀਂ ਲੱਗੀ।

ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਦੱਸਿਆ ਕਿ ਹਾਦਸਾ ਤੜਕੇ 2:35 ਵਜੇ ਵਾਪਰਿਆ, ਜਦੋਂ ਰੇਲ ਦਾ ਇੰਜਣ ਅਚਾਨਕ ਟਰੈਕ ‘ਤੇ ਰੱਖੇ ਭਾਰੀ ਪੱਥਰ ਨਾਲ ਟਕਰਾ ਗਿਆ। ਇਸ ਟੱਕਰ ਤੋਂ ਬਾਅਦ ਇੰਜਣ ਅਤੇ ਉਸ ਦੇ ਨਾਲ ਦੀਆਂ ਬੋਗੀਆਂ ਪਟੜੀ ਤੋਂ ਉਤਰ ਗਈਆਂ। ਸ਼ੁਰੂਆਤੀ ਜਾਂਚ ਦੇ ਅਨੁਸਾਰ, ਰੇਲਵੇ ਟਰੈਕ ਵਿੱਚ ਕੋਈ ਵੱਡਾ ਫਰੈਕਚਰ ਜਾਂ ਨੁਕਸਾਨ ਨਹੀਂ ਮਿਲਿਆ ਹੈ। ਰੇਲ ਮੰਤਰੀ ਨੇ ਟਵੀਟ ਕੀਤਾ ਕਿ ਹਾਦਸੇ ਦੇ ਸਬੂਤ ਸੁਰੱਖਿਅਤ ਕਰ ਲਏ ਗਏ ਹਨ ਅਤੇ ਹੁਣ ਇਸ ਮਾਮਲੇ ਦੀ ਜਾਂਚ ਆਈ.ਬੀ (ਇੰਟੈਲੀਜੈਂਸ ਬਿਊਰੋ) ਅਤੇ ਯੂਪੀ ਪੁਲਿਸ ਕਰ ਰਹੀ ਹੈ।

ਕਾਨਪੁਰ ਦੇ ਏ.ਡੀ.ਐਮ ਸਿਟੀ ਰਾਕੇਸ਼ ਵਰਮਾ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਕੋਈ ਵੀ ਯਾਤਰੀ ਜ਼ਖ਼ਮੀ ਨਹੀਂ ਹੋਇਆ ਹੈ। ਸਾਰੇ ਯਾਤਰੀਆਂ ਨੂੰ ਬੱਸਾਂ ਰਾਹੀਂ ਸੁਰੱਖਿਅਤ ਥਾਵਾਂ ‘ਤੇ ਭੇਜਿਆ ਜਾ ਰਿਹਾ ਹੈ ਅਤੇ ਇੱਕ ਮੀਮੋ ਟਰੇਨ ਵੀ ਹਾਦਸੇ ਵਾਲੀ ਥਾਂ ‘ਤੇ ਭੇਜੀ ਜਾ ਰਹੀ ਹੈ। ਰਾਹਤ ਕਾਰਜ ਤੇਜ਼ੀ ਨਾਲ ਚੱਲ ਰਹੇ ਹਨ ਅਤੇ ਰੇਲਵੇ ਪ੍ਰਸ਼ਾਸਨ ਵੱਲੋਂ ਸਾਰੀਆਂ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਦੂਜੇ ਪਾਸੇ ਪੱਛਮੀ ਬੰਗਾਲ ਦੇ ਸਿਲੀਗੁੜੀ-ਰੰਗਪਾਣੀ ਵਿੱਚ ਵੀ ਇੱਕ ਮਾਲ ਗੱਡੀ ਪਟੜੀ ਤੋਂ ਉਤਰ ਗਈ। ਇਹ ਹਾਦਸਾ ਇੱਕ ਨਿੱਜੀ ਯਾਰਡ ਵਿੱਚ ਵਾਪਰਿਆ, ਜਿੱਥੇ ਮਾਲ ਗੱਡੀ ਬਾਲਣ ਲੈ ਕੇ ਜਾ ਰਹੀ ਸੀ। ਰੇਲਵੇ ਮੁਤਾਬਕ ਇਸ ਹਾਦਸੇ ਦਾ ਰੇਲ ਮੰਤਰਾਲੇ ਨਾਲ ਕੋਈ ਸਿੱਧਾ ਸਬੰਧ ਨਹੀਂ ਹੈ। ਪਿਛਲੇ ਦੋ ਮਹੀਨਿਆਂ ਵਿੱਚ ਇਸ ਖੇਤਰ ਵਿੱਚ ਇਹ ਤੀਜਾ ਰੇਲ ਹਾਦਸਾ ਹੈ, ਜਿਸ ਵਿੱਚ ਇਸ ਤੋਂ ਪਹਿਲਾਂ ਵੀ ਕਈ ਟਰੇਨਾਂ ਪਟੜੀ ਤੋਂ ਉਤਰ ਚੁੱਕੀਆਂ ਹਨ। ਰੇਲਵੇ ਪ੍ਰਸ਼ਾਸਨ ਸਥਿਤੀ ‘ਤੇ ਨਜ਼ਰ ਰੱਖ ਰਿਹਾ ਹੈ ਅਤੇ ਜਲਦੀ ਤੋਂ ਜਲਦੀ ਸਾਰੇ ਕੰਮਕਾਜ ਨੂੰ ਆਮ ਵਾਂਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Leave a Reply