ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ (Congress president Mallikarjun Kharge) ਨੇ ਅੱਜ ਕਿਹਾ ਕਿ ਦੇਸ਼ ਦੇ ਬੁਨਿਆਦੀ ਢਾਂਚੇ ਦੇ ਵਿਕਾਸ ‘ਚ ਪਾਰਟੀ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਪਰ ਸੱਤਾਧਾਰੀ ਭਾਰਤੀ ਜਨਤਾ ਪਾਰਟੀ (Bharatiya Janata Party) ਇਸ ਦਾ ਸਿਹਰਾ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਖੜਗੇ ਨੇ ਇਹ ਵੀ ਕਿਹਾ ਕਿ ਕਾਂਗਰਸ ਰਾਸ਼ਟਰੀ ਪੱਧਰ ‘ਤੇ ਤਾਂ ਹੀ ਮਜ਼ਬੂਤ ਹੋ ਸਕਦੀ ਹੈ ਜੇ ਇਸ ਨੂੰ ਮੁੰਬਈ ਵਿੱਚ ਮਜ਼ਬੂਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪਾਰਟੀ ਦੀ ਸ਼ਹਿਰੀ ਇਕਾਈ ‘ਤੇ ਸੰਗਠਨ ਦੇ ਮੁੜ ਨਿਰਮਾਣ ਦੀ ਵੱਡੀ ਜ਼ਿੰਮੇਵਾਰੀ ਹੈ।
ਮੁੰਬਈ ‘ਚ ਕਾਂਗਰਸ ਵਰਕਰਾਂ ਦੇ ਇਕ ਦਿਨਾਂ ਸੰਮੇਲਨ ਦਾ ਵੀਡੀਓ Link ਰਾਹੀਂ ਉਦਘਾਟਨ ਕਰਨ ਤੋਂ ਬਾਅਦ ਉਨ੍ਹਾਂ ਕਿਹਾ ਕਿ ‘ਕਾਂਗਰਸ ਨੂੰ ਮਜ਼ਬੂਤ ਕਰਨਾ ਮੁੰਬਈ ‘ਚ ਪਾਰਟੀ ਦੇ ਹਰ ਵਰਕਰ ਦੀ ਜ਼ਿੰਮੇਵਾਰੀ ਹੈ। ਮੁੰਬਈ ਅਤੇ ਕਾਂਗਰਸ ਦੇ ਲੰਬੇ ਸਮੇਂ ਤੋਂ ਰਿਸ਼ਤੇ ਹਨ ਕਿਉਂਕਿ ਪਾਰਟੀ ਦੀ ਸਥਾਪਨਾ 28 ਦਸੰਬਰ, 1885 ਨੂੰ ਇੱਥੇ ਹੋਈ ਸੀ। ਰੁਜ਼ਗਾਰ ਗਾਰੰਟੀ ਸਕੀਮ (ਈ.ਜੀ.ਐਸ.) ਵਰਗੇ ਬਹੁਤ ਸਾਰੇ ਫ਼ੈਸਲਿਆਂ ਨੂੰ ਕਾਨੂੰਨਾਂ ਵਜੋਂ ਰਾਸ਼ਟਰੀ ਪੱਧਰ ‘ਤੇ ਅਪਣਾਏ ਜਾਣ ਤੋਂ ਪਹਿਲਾ ਕਾਂਗਰਸ ਨੇ ਇਨ੍ਹਾਂ ਦੀ ਕਲਪਨਾ ਰਾਜ ਵਿੱਚ ਕੀਤੀ ਗਈ ਸੀ। ”
ਖੜਗੇ ਨੇ ਕਿਹਾ, ‘ਜੇ ਤੁਸੀਂ ਇਤਿਹਾਸ ਭੁੱਲ ਗਏ ,ਤਾਂ ਤੁਸੀਂ ਭਵਿੱਖ ਵਿੱਚ ਕੁਝ ਨਹੀਂ ਕਰ ਸਕਦੇ।ਨਵੀਂ ਪੀੜ੍ਹੀ ਨੂੰ ਇਹ ਦੱਸਣਾ ਕਾਂਗਰਸ ਦੀ ਜ਼ਿੰਮੇਵਾਰੀ ਹੈ ਕਿ ਉਨ੍ਹਾਂ ਨੇ ਦੇਸ਼ ਲਈ ਕੀ ਕੀਤਾ ਹੈ’। ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਮਰਹੂਮ ਵਿਲਾਸਰਾਓ ਦੇਸ਼ਮੁਖ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਕਾਰਜਕਾਲ ਦੌਰਾਨ ਮੁੰਬਈ ਵਿੱਚ ਸ਼ੁਰੂ ਕੀਤੇ ਗਏ ਵੱਖ-ਵੱਖ ਪ੍ਰੋਜੈਕਟਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਨੇ ਬੁਨਿਆਦੀ ਢਾਂਚੇ ਅਤੇ ਦੂਰਸੰਚਾਰ ਖੇਤਰ ਸਮੇਤ ਕਈ ਖੇਤਰਾਂ ਵਿੱਚ ਦੇਸ਼ ਦੀ ਤਰੱਕੀ ਅਤੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਖੜਗੇ ਨੇ ਦੇਸ਼ ਦੀ ਤਰੱਕੀ ਦਾ ਸਿਹਰਾ ਲੈਣ ਦੀ ਕੋਸ਼ਿਸ਼ ਕਰਨ ਲਈ ਭਾਜਪਾ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ‘ਭਾਜਪਾ ਸਿਰਫ ਕਾਂਗਰਸ ਅਤੇ ਗਾਂਧੀ ਪਰਿਵਾਰ ਨੂੰ ਗਾਲ੍ਹਾਂ ਕੱਢਣ ਦਾ ਕੰਮ ਕਰ ਸਕਦੀ ਹੈ। ਇਸ ਪਰਿਵਾਰ ਦਾ ਕੋਈ ਵੀ ਮੈਂਬਰ 1989 ਤੋਂ ਬਾਅਦ ਮੰਤਰੀ, ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਵਜੋਂ ਸੱਤਾ ਵਿੱਚ ਨਹੀਂ ਰਿਹਾ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਬੇਰੁਜ਼ਗਾਰੀ ਦੇਸ਼ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਹੈ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਚਦੇ ਹਨ ਕਿ ਉਹ ਖੁਸ਼ਹਾਲੀ ਲੈ ਕੇ ਆਏ ਹਨ।
ਉਨ੍ਹਾਂ ਨੇ ਕਾਂਗਰਸ ਵਰਕਰਾਂ ਨੂੰ ਔਰਤਾਂ ਦੇ ਸਸ਼ਕਤੀਕਰਨ ਦੇ ਉਦੇਸ਼ ਨਾਲ ਸੰਯੁਕਤ ਪ੍ਰਗਤੀਸ਼ੀਲ ਗੱਠਜੋੜ (ਯੂ.ਪੀ.ਏ) ਸਰਕਾਰ ਦੌਰਾਨ ਬਣਾਏ ਗਏ ਸਵੈ-ਸਹਾਇਤਾ ਸਮੂਹਾਂ (ਐਸ.ਐਚ.ਜੀ) ਵਿੱਚ ਸ਼ਾਮਲ ਹੋਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸਵੈ-ਸਹਾਇਤਾ ਸਮੂਹਾਂ ਦੇ ਸੂਖਮ ਆਰਥਿਕ ਪ੍ਰਬੰਧਨ ਨੇ ਔਰਤਾਂ ਨੂੰ ਖੁਸ਼ਹਾਲ ਹੋਣ ਵਿੱਚ ਸਹਾਇਤਾ ਕੀਤੀ ਹੈ।ਉਨ੍ਹਾਂ ਕਿਹਾ ਕਿ ਭਾਰਤ ਜੋੜੋ ਨਿਆਂ ਯਾਤਰਾ ਲੋਕਾਂ ਨੂੰ ਨਿਆਂ ਦੇਵੇਗੀ ਅਤੇ ਜੇਕਰ ਤੁਸੀਂ ਇਸ ਨੂੰ ਨਜ਼ਰਅੰਦਾਜ਼ ਕਰਦੇ ਹੋ ਤਾਂ ਤੁਸੀਂ ਵੱਡੀ ਗਲਤੀ ਕਰੋਗੇ। ”