ਮਲੋਟ : ਕਹਿਰ ਦੀ ਗਰਮੀ ਵਿੱਚ ਡਿਊਟੀ ’ਤੇ ਤਾਇਨਾਤ ਮਲੋਟ ਸਿਟੀ ਥਾਣੇ ਦੇ ਐੱਸ.ਐੱਚ.ਓ. ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਡਿਊਟੀ ਦੌਰਾਨ ਜਦੋਂ ਗੁਰਦੀਪ ਸਿੰਘ ਨੂੰ ਦਿਲ ਦਾ ਦੌਰਾ ਪਿਆ ਤਾਂ ਉਸ ਦੇ ਸਾਥੀ ਮੁਲਾਜ਼ਮਾਂ ਨੇ ਤੁਰੰਤ ਉਸ ਨੂੰ ਹਸਪਤਾਲ ਦਾਖਲ ਕਰਵਾਇਆ, ਜਿੱਥੇ ਉਸ ਦੀ ਮੌਤ ਹੋ ਗਈ।
ਖੇਡ ਕੋਟੇ ਤਹਿਤ ਪੁਲੀਸ ਵਿਭਾਗ ਵਿੱਚ ਏ.ਐਸ.ਆਈ ਵਜੋਂ ਭਰਤੀ ਹੋਇਆ ਗੁਰਦੀਪ ਸਿੰਘ ਚੰਗਾ ਮੁੱਕੇਬਾਜ਼ ਸੀ ਅਤੇ ਹੁਣ ਮਲੋਟ ਸ਼ਹਿਰ ਵਿੱਚ ਬਤੌਰ ਇੰਸਪੈਕਟਰ ਕੰਮ ਕਰ ਰਿਹਾ ਸੀ। ਗੁਰਦੀਪ ਸਿੰਘ ਦਾ ਇੱਕ ਪੁੱਤਰ ਅਤੇ ਬੇਟੀ ਹੈ, ਜੋ ਇਸ ਸਮੇਂ ਕੈਨੇਡਾ ਵਿੱਚ ਹਨ। ਸ੍ਰੀ ਮੁਕਤਸਰ ਸਾਹਿਬ ਦੇ ਐਸ.ਐਸ.ਪੀ ਭਗੀਰਥ ਮੀਨਾ ਨੇ ਕਿਹਾ ਕਿ ਮਾਮਲੇ ਦੀ ਵਿਸਤ੍ਰਿਤ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਮਲੋਟ ਖੇਤਰ ਦੇ ਡੀ.ਐਸ.ਪੀ ਪਵਨਜੀਤ ਸਿੰਘ ਨੇ ਡਿਊਟੀ ਦੌਰਾਨ ਮੌਤ ਦੀ ਪੁਸ਼ਟੀ ਕੀਤੀ ਹੈ।
ਗੁਰਦੀਪ ਸਿੰਘ ਨੇ ਕਈ ਸ਼ਹਿਰਾਂ ਵਿੱਚ ਦਿੱਤੀਆਂ ਸੇਵਾਵਾਂ
ਦੱਸ ਦੇਈਏ ਕਿ ਇੰਸਪੈਕਟਰ ਗੁਰਦੀਪ ਸਿੰਘ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਸੇਵਾਵਾਂ ਨਿਭਾ ਚੁੱਕੇ ਹਨ। ਉਨ੍ਹਾਂ ਨੇ ਆਪਣੀ ਡਿਊਟੀ ਦਾ ਜ਼ਿਆਦਾਤਰ ਸਮਾਂ ਪੰਜਾਬ ਦੇ ਮਾਲਵਾ ਖੇਤਰ ਵਿੱਚ ਬਿਤਾਇਆ। ਗੁਰਦੀਪ ਸਿੰਘ ਨੇ ਮਾਲਵਾ ਖੇਤਰ ਵਿੱਚ ਨਸ਼ਿਆਂ ਅਤੇ ਛੋਟੇ-ਮੋਟੇ ਅਪਰਾਧਾਂ ਵਿਰੁੱਧ ਬਹੁਤ ਕੰਮ ਕੀਤਾ। ਦੱਸ ਦੇਈਏ ਕਿ ਮਲੋਟ ਤੋਂ ਪਹਿਲਾਂ ਉਹ ਬਠਿੰਡਾ ਵਿੱਚ ਤਾਇਨਾਤ ਸਨ।