ਫਾਜ਼ਿਲਕਾ : ਫਾਜ਼ਿਲਕਾ (Fazilka) ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਪੱਤਰਕਾਰ ਨਹਿਰ ਵਿੱਚ ਦਰਾੜ ਪੈਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਿਆ। ਦਰਅਸਲ ਪਿੰਡ ਘੁਬਾਇਆ ਨੇੜੇ ਨਹਿਰ ਵਿੱਚ ਦਰਾੜ ਪੈਣ ਕਾਰਨ ਫ਼ਸਲਾਂ ਵਿੱਚ ਪਾਣੀ ਭਰ ਗਿਆ।

ਇਸ ਘਟਨਾ ਦੀ ਕਵਰੇਜ ਕਰਨ ਲਈ ਇਕ ਨਿੱਜੀ ਚੈਨਲ ਦਾ ਪੱਤਰਕਾਰ ਮੌਕੇ ‘ਤੇ ਪਹੁੰਚ ਗਿਆ। ਕਵਰੇਜ ਕਰਦੇ ਸਮੇਂ ਅਚਾਨਕ ਨਹਿਰ ਦਾ ਕਿਨਾਰਾ ਜ਼ਮੀਨ ਵਿੱਚ ਧਸ ਗਿਆ ਅਤੇ ਕਵਰੇਜ ਕਰ ਰਿਹਾ ਪੱਤਰਕਾਰ ਮੂੰਹ ਦੇ ਭਾਰ ਡਿੱਗ ਗਿਆ ਅਤੇ ਚਿੱਕੜ ਵਿੱਚ ਦੱਬ ਗਿਆ। ਮੌਕੇ ‘ਤੇ ਮੌਜੂਦ ਲੋਕਾਂ ਨੇ ਉਸ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ। ਪੱਤਰਕਾਰ ਦੇ ਭਰਾ ਸੰਦੀਪ ਕੁਮਾਰ ਨੇ ਦੱਸਿਆ ਕਿ ਜਦੋਂ ਉਸ ਦਾ ਭਰਾ ਪਿੰਡ ਘੁਬਾਇਆ ਨੇੜੇ ਟੁੱਟੀ ਨਹਿਰ ਦੀ ਕਵਰੇਜ ਕਰ ਰਿਹਾ ਸੀ ਤਾਂ ਅਚਾਨਕ ਨਹਿਰ ਦੇ ਕਿਨਾਰੇ ਜ਼ਮੀਨ ਵਿੱਚ ਧਸਣ ਕਾਰਨ ਉਹ ਦੱਬ ਗਿਆ।

ਲੋਕਾਂ ਨੇ ਬੜੀ ਮੁਸ਼ਕਲ ਨਾਲ ਉਸ ਨੂੰ ਬਾਹਰ ਕੱਢਿਆ ਤਾਂ ਉਹ ਬੇਹੋਸ਼ ਪਿਆ ਸੀ। ਉਸ ਦਾ ਸਾਹ ਚੜ੍ਹਦਾ ਦੇਖ ਕੇ ਲੋਕ ਉਸ ਨੂੰ ਨੇੜੇ ਦੇ ਹਸਪਤਾਲ ਲੈ ਗਏ। ਇੱਥੇ ਪਹਿਲਾਂ ਉਸਦੀ ਹਾਲਤ ਗੰਭੀਰ ਦੱਸੀ ਗਈ ਅਤੇ ਫਿਰ ਕਿਹਾ ਗਿਆ ਕਿ ਪੱਤਰਕਾਰ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ ਅਤੇ ਉਸਨੂੰ ਹੋਸ਼ ਆ ਗਿਆ ਹੈ। ਪੱਤਰਕਾਰ ਨਾਲ ਵਾਪਰੇ ਹਾਦਸੇ ਸਬੰਧੀ ਕਿਸੇ ਵੀ ਪੁਲਿਸ ਜਾਂ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਨੇ ਕੋਈ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਪੱਤਰਕਾਰ ਭਾਈਚਾਰੇ ਵਿੱਚ ਰੋਸ ਹੈ।

Leave a Reply