ਰੋਹਤਕ: ਹਰਿਆਣਾ ਵਿਧਾਨ ਸਭਾ ਚੋਣਾਂ (The Haryana Assembly Elections) ਤੋਂ ਪਹਿਲਾਂ ਇੱਕ ਹੋਰ ਧੜਾ ਸੂਬੇ ਦੀ ਨਾਇਬ ਸੈਣੀ ਸਰਕਾਰ (The Naib Saini Government) ਲਈ ਮੁਸ਼ਕਲਾਂ ਖੜ੍ਹੀਆਂ ਕਰ ਸਕਦਾ ਹੈ। ਬੀਤੇ ਦਿਨ ਰੋਹਤਕ ਵਿੱਚ PWD B&R ਦਫਤਰ ਵਿੱਚ ਕਲੈਰੀਕਲ ਐਸੋਸੀਏਸ਼ਨ ਵੈਲਫੇਅਰ ਸੋਸਾਇਟੀ (CAWS) ਦੀ ਇੱਕ ਮੀਟਿੰਗ ਬੁਲਾਈ ਗਈ, ਜਿਸ ਵਿੱਚ ਕਲਰਕਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਹੜਤਾਲ ‘ਤੇ ਚਲੇ ਜਾਣਗੇ।
ਸੂਬਾ ਪ੍ਰਧਾਨ ਬਲਜੀਤ ਜੂਨ ਨੇ ਦੱਸਿਆ ਕਿ 12 ਅਗਸਤ ਤੋਂ 3 ਰੋਜ਼ਾ ਹੜਤਾਲ ’ਤੇ ਜਾਣ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਹੜਤਾਲ 14 ਅਗਸਤ ਤੱਕ ਜਾਰੀ ਰਹੇਗੀ। ਜੇਕਰ ਇਸ ਤਰੀਕ ਤੱਕ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੂਬੇ ਭਰ ਦੇ ਕਲੈਰੀਕਲ ਮੁਲਾਜ਼ਮ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਚਲੇ ਜਾਣਗੇ।
ਸੀ.ਏ.ਡਬਲਿਊ.ਐਸ. ਦੇ ਸੂਬਾ ਪ੍ਰਧਾਨ ਬਲਜੀਤ ਜੂਨ ਨੇ ਨਾਇਬ ਸੈਣੀ ਸਰਕਾਰ ’ਤੇ ਆਪਣੇ ਵਾਅਦੇ ਤੋੜਨ ਦਾ ਦੋਸ਼ ਲਾਉਂਦਿਆਂ ਕਿਹਾ ਕਿ 28 ਜੁਲਾਈ ਦੇ ਧਰਨੇ ਤੋਂ ਬਚਣ ਲਈ ਸਰਕਾਰ ਨੇ 5 ਅਗਸਤ ਤੱਕ ਗੱਲਬਾਤ ਰਾਹੀਂ ਹੱਲ ਦਾ ਭਰੋਸਾ ਦਿੱਤਾ ਸੀ ਪਰ ਅਜੇ ਤੱਕ ਕੋਈ ਤਸੱਲੀਬਖ਼ਸ਼ ਕਦਮ ਨਹੀਂ ਚੁੱਕਿਆ ਗਿਆ। ਇਸ ਲਈ ਅਸੀਂ ਦੁਬਾਰਾ ਹੜਤਾਲ ਕਰਨ ਦਾ ਫ਼ੈਸਲਾ ਕੀਤਾ ਹੈ। ਜੇਕਰ 5 ਅਗਸਤ ਤੱਕ ਮੰਗਾਂ ਨਾ ਮੰਨੀਆਂ ਗਈਆਂ ਤਾਂ 6 ਅਗਸਤ ਨੂੰ ਸੂਬੇ ਦੇ ਹਰ ਜ਼ਿਲ੍ਹੇ ‘ਚ ਪ੍ਰਦਰਸ਼ਨ ਕੀਤੇ ਜਾਣਗੇ।
ਦੱਸ ਦਈਏ ਕਿ ਪਿਛਲੇ ਸਾਲ ਵੀ ਕਲਰਕ 42 ਦਿਨ ਹੜਤਾਲ ‘ਤੇ ਰਹੇ ਸਨ, ਜਿਸ ਕਾਰਨ ਲੋਕਾਂ ਨੂੰ ਤਹਿਸੀਲ ਦਫ਼ਤਰ ਨਾਲ ਸਬੰਧਤ ਕੰਮਾਂ ‘ਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। 42 ਦਿਨਾਂ ਦੀ ਹੜਤਾਲ ਤੋਂ ਬਾਅਦ ਸਰਕਾਰ ਨੇ ਗੱਲਬਾਤ ਦੌਰਾਨ ਕਮੇਟੀ ਬਣਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ ਦਿੱਤਾ ਸੀ । ਕਲੈਰੀਕਲ ਸਟਾਫ ਐਸੋਸੀਏਸ਼ਨ ਦੀ ਮੰਗ ਹੈ ਕਿ ਉਨ੍ਹਾਂ ਦੀ ਮੁੱਢਲੀ ਤਨਖਾਹ 35,400 ਰੁਪਏ ਕੀਤੀ ਜਾਵੇ।