ਕਪੂਰਥਲਾ: ਕੇਂਦਰੀ ਜੇਲ੍ਹ ਜਲੰਧਰ ਅਤੇ ਕਪੂਰਥਲਾ (Jalandhar and Kapurthala) ਵਿੱਚ ਤਾਇਨਾਤ ਸੀ.ਆਰ.ਪੀ.ਐਫ. ਹੈੱਡ ਕਾਂਸਟੇਬਲ ਦੀ ਆਪਣੀ ਸਰਵਿਸ ਰਾਈਫਲ ਤੋਂ ਗੋਲੀ ਲੱਗਣ ਕਾਰਨ ਮੌਤ ਹੋਣ ਦੀ ਖ਼ਬਰ ਹੈ। ਘਟਨਾ ਤੋਂ ਬਾਅਦ ਮ੍ਰਿਤਕ ਫੌਜੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਗਿਆ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਸੀ.ਆਰ.ਪੀ.ਐਫ. ਹੈੱਡ ਕਾਂਸਟੇਬਲ ਅਨਿਲ ਕੁਮਾਰ ਪੁੱਤਰ ਧਰਮਪਾਲ ਵਾਸੀ ਝੁੰਝੁਨੂ, ਰਾਜਸਥਾਨ ਪਿਛਲੇ ਕਾਫ਼ੀ ਸਮੇਂ ਤੋਂ ਕਪੂਰਥਲਾ ਮਾਡਰਨ ਜੇਲ੍ਹ ‘ਚ ਤਾਇਨਾਤ ਸੀ। ਬੀਤੀ ਰਾਤ ਡਿਊਟੀ ਦੌਰਾਨ ਉਕਤ ਹੈੱਡ ਕਾਂਸਟੇਬਲ ਨੂੰ ਉਸਦੀ ਸਰਵਿਸ ਰਾਈਫਲ ਤੋਂ ਅਚਾਨਕ ਗੋਲੀ ਲੱਗ ਗਈ। ਜਿਸ ‘ਚ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ‘ਤੇ ਥਾਣਾ ਕੋਤਵਾਲੀ ਪੁਲਿਸ ਨੇ ਜਵਾਨ ਅਨਿਲ ਕੁਮਾਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਹੈ। ਜਦੋਂਕਿ ਸਿਵਲ ਹਸਪਤਾਲ ਦੇ ਐਸ.ਐਮ.ਓ. ਡਾ: ਸੰਦੀਪ ਧਵਨ ਨੇ ਦੱਸਿਆ ਕਿ ਦੇਰ ਰਾਤ ਇੱਕ ਸੀ.ਆਰ.ਪੀ.ਐਫ ਜਵਾਨ ਅਨਿਲ ਕੁਮਾਰ ਦੀ ਲਾਸ਼ ਪੋਸਟਮਾਰਟਮ ਲਈ ਆਈ ਸੀ। ਜਿਸ ਦਾ ਅੱਜ ਤਿੰਨ ਡਾਕਟਰਾਂ ਦੇ ਬੋਰਡ ਵੱਲੋਂ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਬੋਰਡ ਵਿੱਚ ਡਾ: ਹਰਪ੍ਰੀਤ ਮੋਮੀ, ਡਾ: ਅਮਨਜੋਤ ਅਤੇ ਡਾ: ਰਾਜੇਸ਼ ਚੰਦਰ ਸ਼ਾਮਲ ਹਨ। ਐਸ.ਐਮ.ਓ ਡਾ: ਸੰਦੀਪ ਧਵਨ ਨੇ ਇਹ ਵੀ ਦੱਸਿਆ ਕਿ ਗੋਲੀ ਮ੍ਰਿਤਕ ਦੀ ਗਰਦਨ ਦੇ ਉਪਰੋਂ ਸਿਰ ਵੱਲ ਲੱਗੀ।
ਦੂਜੇ ਪਾਸੇ ਡੀ.ਐਸ.ਪੀ. ਸਬ-ਡਵੀਜ਼ਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸੀ.ਆਰ.ਪੀ.ਐਫ. ਜਵਾਨ ਦੇ ਪਰਿਵਾਰ ਦੇ ਬਿਆਨ ਦੀ ਕਲਮ ਬੰਦ ਕਰਕੇ ਬੀ.ਐਨ.ਐਸ ਦੀ ਧਾਰਾ 194 ਤਹਿਤ ਕਾਰਵਾਈ ਕਰਦੇ ਹੋਏ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।