ਓਡੀਸ਼ਾ : ਓਡੀਸ਼ਾ ਦੇ ਗਜਪਤੀ ਜ਼ਿਲ੍ਹੇ ਵਿੱਚ ਸਰਕਾਰੀ ਅਧਿਕਾਰੀਆਂ ਦੀ ਮੀਟਿੰਗ ਵਿੱਚ ਜਗਨਨਾਥ ਭਜਨ (The Jagannath Bhajan) ਗਾਉਂਦੇ ਸਮੇਂ ਇੱਕ ਵਧੀਕ ਜ਼ਿਲ੍ਹਾ ਮੈਜਿਸਟਰੇਟ (An Additional District Magistrate),(ਏ.ਡੀ.ਐਮ.) ਸਟੇਜ ਉੱਤੇ ਬੇਹੋਸ਼ ਹੋ ਗਏ ਅਤੇ ਬਾਅਦ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਇਸ ਅਧਿਕਾਰੀ ਦੀ ਪਛਾਣ ਗਜਪਤੀ ਜ਼ਿਲ੍ਹੇ ਦੇ ਏ.ਡੀ.ਐਮ. (ਮਾਲ) ਬੀਰੇਂਦਰ ਕੁਮਾਰ ਦਾਸ ਵਜੋਂ ਹੋਈ ਹੈ। ਇਹ ਘਟਨਾ ਬੀਤੀ ਸ਼ਾਮ ਦੀ ਹੈ, ਜਿਸ ਦੀ ਵੀਡੀਓ ਕਲਿੱਪ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ।
ਗਜਪਤੀ ਜ਼ਿਲ੍ਹਾ ਮੈਜਿਸਟਰੇਟ ਸਮ੍ਰਿਤੀ ਰੰਜਨ ਪ੍ਰਧਾਨ ਨੇ ਕਿਹਾ, “ਏ.ਡੀ.ਐਮ. ਭਜਨ ਗਾਉਂਦੇ ਸਮੇਂ ਅਚਾਨਕ ਬੇਹੋਸ਼ ਹੋ ਗਏ ਅਤੇ ਉਨ੍ਹਾਂ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ਜਿੱਥੇ ਪਤਾ ਲੱਗਾ ਕਿ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਸੀ। ਮੁੱਢਲੀ ਸਹਾਇਤਾ ਤੋਂ ਬਾਅਦ ਉਨ੍ਹਾਂ ਨੂੰ ਬਰਹਮਪੁਰ ਐਮ.ਕੇ.ਸੀ.ਜੀ. ਮੈਡੀਕਲ ਕਾਲਜ ਅਤੇ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਪ੍ਰਧਾਨ ਨੇ ਕਿਹਾ ਕਿ ਉਹ ਇੱਕ ਕੁਸ਼ਲ ਪ੍ਰਸ਼ਾਸਕ ਸਨ ਅਤੇ ਪੂਰਾ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ਦੇ ਦੇਹਾਂਤ ‘ਤੇ ਸੋਗ ਮਨਾ ਰਿਹਾ ਹੈ। ਦਾਸ ਦੇ ਰਿਸ਼ਤੇਦਾਰ ਚੰਦਰਕਾਂਤ ਮਲਿਕ ਨੇ ਦੱਸਿਆ ਕਿ ਚੋਣਾਂ ਖਤਮ ਹੋਣ ਤੋਂ ਬਾਅਦ ਅਧਿਕਾਰੀਆਂ ਦੀ ਮੀਟਿੰਗ ਕੀਤੀ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ (ਦਾਸ) ਸਟੇਜ ‘ਤੇ ਗਿਆ ਅਤੇ ਭਗਵਾਨ ਜਗਨਨਾਥ ਦਾ ਉੜੀਆ ਭਗਤੀ ਗੀਤ ਗਾਉਣਾ ਸ਼ੁਰੂ ਕੀਤਾ ਤਾਂ ਉਹ ਅਚਾਨਕ ਬੇਹੋਸ਼ ਹੋ ਗਏ।
MKCG ਮੈਡੀਕਲ ਕਾਲਜ ਅਤੇ ਹਸਪਤਾਲ ਦੇ ਪ੍ਰਸ਼ਾਸਨਿਕ ਅਧਿਕਾਰੀ ਸੰਗਰਾਮ ਕੇਸ਼ਰੀ ਪਾਂਡਾ ਨੇ ਕਿਹਾ, “ਜ਼ਿਲ੍ਹਾ ਮੈਜਿਸਟ੍ਰੇਟ ਤੋਂ ਸੂਚਨਾ ਮਿਲਣ ਤੋਂ ਬਾਅਦ, ਅਸੀਂ ਡਾਕਟਰਾਂ ਦੀ ਇੱਕ ਟੀਮ ਬਣਾਈ ਸੀ। ਅੱਧੀ ਰਾਤ ਦੇ ਕਰੀਬ ਜਦੋਂ ਉਸ ਨੂੰ ਸਾਡੇ ਹਸਪਤਾਲ ਲਿਆਂਦਾ ਗਿਆ, ਉਦੋਂ ਤੱਕ ਉਹ ਆਪਣੀ ਜਾਨ ਗੁਆ ਚੁੱਕੇ ਸਨ। ਉਨ੍ਹਾਂ ਦੱਸਿਆ ਕਿ ਪਹਿਲੀ ਡਾਕਟਰੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।
ਇਸ ਦੌਰਾਨ ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਏ.ਡੀ.ਐਮ. ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਇੱਕ ਬਿਆਨ ਵਿੱਚ ਕਿਹਾ ਕਿ ਉਹ ਇੱਕ ਸਮਰਪਿਤ ਅਤੇ ਜ਼ਿੰਮੇਵਾਰ ਅਧਿਕਾਰੀ ਸਨ ਅਤੇ ਉਨ੍ਹਾਂ ਨੇ ਹਮੇਸ਼ਾ ਲੋਕ ਸੇਵਾ ਲਈ ਕੰਮ ਕੀਤਾ। ਮਾਝੀ ਨੇ ਦੁਖੀ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।