ਉੱਤਰ ਪ੍ਰਦੇਸ਼: ਯੂਟਿਊਬਰ ਸਿਧਾਰਥ ਯਾਦਵ ਉਰਫ਼ ਐਲਵੀਸ਼ ਯਾਦਵ (Elvis Yadav) ਅਤੇ ਗਾਇਕ ਰਾਹੁਲ ਯਾਦਵ ਫਾਜ਼ਿਲਪੁਰੀਆ ਦੀਆਂ ਜਾਇਦਾਦਾਂ ਇਨਫੋਰਸਮੈਂਟ ਡਾਇਰੈਕਟੋਰੇਟ ਜ਼ਬਤ ਕਰੇਗਾ। ਐਲਵੀਸ਼ ਯਾਦਵ ਬੀਤੇ ਦਿਨ ਇਨਫੋਰਸਮੈਂਟ ਡਾਇਰੈਕਟੋਰੇਟ (The Enforcement Directorate),(ਈ.ਡੀ) ਦੇ ਸਾਹਮਣੇ ਪੁੱਛਗਿੱਛ ਲਈ ਪੇਸ਼ ਹੋਏ। ਇਸ ਦੌਰਾਨ ਈ.ਡੀ ਦੇ ਅਧਿਕਾਰੀਆਂ ਨੇ ਐਲਵੀਸ਼ ਯਾਦਵ ਤੋਂ ਕਰੀਬ 8 ਘੰਟੇ ਤੱਕ ਡੂੰਘਾਈ ਨਾਲ ਪੁੱਛਗਿੱਛ ਕੀਤੀ। ਉਨ੍ਹਾਂ ਨੂੰ ਤੀਜੀ ਵਾਰ ਤਲਬ ਕੀਤਾ ਗਿਆ ਸੀ।
ਗੀਤ ਦੀ ਕਮਾਈ ਤੋਂ ਹਾਸਲ ਕੀਤੀ ਜਾਇਦਾਦ ਜ਼ਬਤ ਕਰੇਗੀ ਈ.ਡੀ
ਅਧਿਕਾਰੀਆਂ ਮੁਤਾਬਕ ਫਾਜ਼ਿਲਪੁਰੀਆ ਦੇ ਗੀਤ ਜਿਸ ਲਈ ਐਲਵਿਸ਼ ‘ਤੇ ਸੱਪ ਮੁਹੱਈਆ ਕਰਵਾਉਣ ਦਾ ਦੋਸ਼ ਹੈ, ਨੇ 50 ਲੱਖ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਸੀ। ਇਸ ਗੀਤ ਦੇ ਡਿਸਟ੍ਰੀਬਿਊਸ਼ਨ ਦੀ ਜ਼ਿੰਮੇਵਾਰੀ ਮੋਹਾਲੀ ਸਥਿਤ ਕੰਪਨੀ ਸਕਾਈ ਡਿਜੀਟਲ ਨੂੰ ਦਿੱਤੀ ਗਈ ਸੀ। ਹੁਣ ਈ.ਡੀ ਗੀਤ ਤੋਂ ਹੋਈ ਕਮਾਈ ਤੋਂ ਹਾਸਲ ਕੀਤੀ ਜਾਇਦਾਦ ਨੂੰ ਜ਼ਬਤ ਕਰੇਗੀ। ਦੱਸ ਦਈਏ ਕਿ ਇਹ ਮਾਮਲਾ ਉਸ ਵੱਲੋਂ ਆਯੋਜਿਤ ਪਾਰਟੀਆਂ ‘ਚ ਸੱਪ ਦੇ ਜ਼ਹਿਰ ਦੀ ਸ਼ੱਕੀ ਵਰਤੋਂ ਅਤੇ ਇਸ ਨਾਲ ਜੁੜੇ ਵਿੱਤੀ ਲੈਣ-ਦੇਣ ਨਾਲ ਸਬੰਧਤ ਹੈ। ਏਜੰਸੀ ਨੇ ਅਸ਼ੋਕ ਮਾਰਗ ਸਥਿਤ ਆਪਣੇ ਖੇਤਰੀ ਦਫ਼ਤਰ ਵਿੱਚ 26 ਸਾਲਾ ਯਾਦਵ ਦਾ ਬਿਆਨ ਕਰੀਬ ਅੱਠ ਘੰਟੇ ਤੱਕ ਦਰਜ ਕੀਤਾ। ਸੰਘੀ ਜਾਂਚ ਏਜੰਸੀ ਨੇ ਜੁਲਾਈ ‘ਚ ਪਹਿਲੀ ਵਾਰ ਐਲਵਿਸ਼ ਯਾਦਵ ਤੋਂ ਪੁੱਛਗਿੱਛ ਕੀਤੀ ਸੀ।
ਫਾਜ਼ਿਲਪੁਰੀਆ ਤੋਂ ਵੀ ਕੀਤੀ ਗਈ ਪੁੱਛਗਿੱਛ
ਕੇਂਦਰੀ ਏਜੰਸੀ ਨੇ ਉੱਤਰ ਪ੍ਰਦੇਸ਼ ਦੀ ਨੋਇਡਾ ਪੁਲਿਸ ਦੁਆਰਾ ਯਾਦਵ ਅਤੇ ਸਬੰਧਤ ਵਿਅਕਤੀਆਂ ਦੇ ਖ਼ਿਲਾਫ਼ ਦਾਇਰ ਐਫ.ਆਈ.ਆਰ. ਅਤੇ ਚਾਰਜਸ਼ੀਟ ਦਾ ਨੋਟਿਸ ਲੈਣ ਤੋਂ ਬਾਅਦ ਮਈ ਵਿੱਚ ਕੇਸ ਦਰਜ ਕੀਤਾ ਸੀ ਅਤੇ ਉਨ੍ਹਾਂ ਉੱਤੇ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ.ਐਮ.ਐਲ.ਏ.) ਦੇ ਤਹਿਤ ਦੋਸ਼ ਲਗਾਏ ਸਨ। ਈ.ਡੀ ਨੇ ਇਸ ਮਾਮਲੇ ਵਿੱਚ ਹਰਿਆਣਾ ਦੇ ਗਾਇਕ ਰਾਹੁਲ ਯਾਦਵ ਉਰਫ਼ ਰਾਹੁਲ ਫਾਜ਼ਿਲਪੁਰੀਆ ਤੋਂ ਵੀ ਪੁੱਛਗਿੱਛ ਕੀਤੀ । ਨੋਇਡਾ ਪੁਲਿਸ ਨੇ ਐਲਵਿਸ਼ ਯਾਦਵ ਨੂੰ 17 ਮਾਰਚ ਨੂੰ ਉਨ੍ਹਾਂ ਦੁਆਰਾ ਆਯੋਜਿਤ ਪਾਰਟੀਆਂ ਵਿੱਚ ਸੱਪ ਦੇ ਜ਼ਹਿਰ ਦੀ ਸ਼ੱਕੀ ਵਰਤੋਂ ਦੀ ਜਾਂਚ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਸੀ।