ਉੜੀਸਾ ਦੀ ਰਹਿਣ ਵਾਲੀ ਲੜਕੀ ਨਾਲ ਬਲਾਤਕਾਰ ਦੇ ਮਾਮਲੇ ‘ਚ ਪੁਲਿਸ ਮੁਲਜ਼ਮਾਂ ਨੂੰ ਅੱਜ ਅਦਾਲਤ ‘ਚ ਕੀਤਾ ਪੇਸ਼
By admin / June 27, 2024 / No Comments / Punjabi News
ਜਲੰਧਰ : ਥਾਣਾ ਪਤਾਰਾ ਅਧੀਨ ਪੈਂਦੇ ਇਲਾਕੇ ਵਿੱਚ ਉੜੀਸਾ (Orissa) ਦੀ ਰਹਿਣ ਵਾਲੀ 22 ਸਾਲਾ ਲੜਕੀ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਕੁਝ ਘੰਟਿਆਂ ਵਿੱਚ ਹੀ ਫੜੇ ਗਏ ਮੁਲਜ਼ਮਾਂ ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ 1 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ।
ਪਤਾਰਾ ਥਾਣੇ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਹੁੰਦਲ ਨੇ ਦੱਸਿਆ ਕਿ ਜਲੰਧਰ-ਫਗਵਾੜਾ ਰੋਡ ‘ਤੇ ਸਥਿਤ ਯੂਨੀਵਰਸਿਟੀ ‘ਚ ਪੜ੍ਹਦੀ ਲੜਕੀ ਨਾਲ ਅਮਨਜੋਤ ਸਿੰਘ ਉਰਫ਼ ਅਮਨ ਨੇ ਜਬਰ-ਜ਼ਨਾਹ ਕੀਤਾ, ਜਦਕਿ ਮਨਜੀਤ ਸਿੰਘ ਸ਼ੇਰਾ ਨੇ ਅਮਨ ਦੇ ਮੋਬਾਈਲ ਫ਼ੋਨ ਤੋਂ ਅਸ਼ਲੀਲ ਵੀਡੀਓ ਬਣਾ ਲਈ ਅਤੇ ਰਣਬੀਰ ਸਿੰਘ ਇੰਡੀ ਨੇ ਆਪਣੇ ਕੋਲ ਖੜ੍ਹੀ ਲੜਕੀ ਨਾਲ ਪੜ੍ਹਦੇ ਦੋ ਹੋਰ ਨੌਜਵਾਨਾਂ ਨੂੰ ਕਿਰਪਾਨ ਨਾਲ ਧਮਕਾਉਂਦੇ ਹੋਏ ਰੱਖਿਆ ਹੋਇਆ ਸੀ। ਲੜਕੀ ਦੇ ਬਿਆਨਾਂ ਦੇ ਆਧਾਰ ‘ਤੇ ਪਤਾਰਾ ਪੁਲਿਸ ਨੇ ਥਾਣਾ ਰਾਮਾ ਮੰਡੀ ਅਧੀਨ ਪੈਂਦੇ ਇਲਾਕੇ ਲੱਧੇਵਾਲੀ ਅਤੇ ਲਾਲਿਆਂਵਾਲੀ ਦੇ ਰਹਿਣ ਵਾਲੇ ਤਿੰਨਾਂ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਸਿਰਫ ਤਿੰਨ ਘੰਟਿਆਂ ‘ਚ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ।
ਐਸ.ਐਚ.ਓ ਬਲਜੀਤ ਸਿੰਘ ਹੁੰਦਲ ਨੇ ਦੱਸਿਆ ਕਿ ਅਮਨਜੋਤ ਸਿੰਘ ਅਮਨ ਦਾ ਅਸ਼ਲੀਲ ਵੀਡੀਓ ਵਾਲਾ ਮੋਬਾਈਲ ਫੋਨ ਬਰਾਮਦ ਕਰ ਲਿਆ ਗਿਆ ਹੈ ਜਦੋਂਕਿ ਰਣਬੀਰ ਸਿੰਘ ਇੰਡੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਨਾਲ ਉਸ ਨੇ ਪੀੜਤ ਲੜਕੀ ਦੇ ਸਾਥੀਆਂ ਨੂੰ ਧਮਕੀਆਂ ਦਿੱਤੀਆਂ ਸਨ। ਪਤਾਰਾ ਥਾਣਾ ਮੁਖੀ ਨੇ ਦੱਸਿਆ ਕਿ ਅੱਜ ਸਿਵਲ ਹਸਪਤਾਲ ਤੋਂ ਲੜਕੀ ਦਾ ਮੈਡੀਕਲ ਕਰਵਾਇਆ ਗਿਆ ਹੈ ਜਦਕਿ ਤਿੰਨਾਂ ਮੁਲਜ਼ਮਾਂ ਨੂੰ ਭਲਕੇ ਮੁੜ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।