ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੂੰ ਹਾਲ ਹੀ ‘ਚ ਇੰਸਟਾਗ੍ਰਾਮ ਜ਼ਰੀਏ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਸ ਧਮਕੀ ਨੇ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਵਿੱਚ ਹਲਚਲ ਮਚਾ ਦਿੱਤੀ ਹੈ। ਧਮਕੀ ਦੀ ਸੂਚਨਾ ਮਿਲਦੇ ਹੀ ਗ੍ਰਹਿ ਮੰਤਰਾਲੇ ਨੇ ਤੁਰੰਤ ਕਾਰਵਾਈ ਦੇ ਨਿਰਦੇਸ਼ ਦਿੱਤੇ ਅਤੇ ਦੇਗ ਪੁਲਿਸ ਨੇ ਮੇਵਾਤ ਇਲਾਕੇ ‘ਚ ਛਾਪੇਮਾਰੀ ਕੀਤੀ।
19 ਸ਼ੱਕੀ ਗ੍ਰਿਫ਼ਤਾਰ
ਦੇਗ ਪੁਲਿਸ ਨੇ ਮੇਵਾਤ ਇਲਾਕੇ ‘ਚ ਛਾਪੇਮਾਰੀ ਕਰਕੇ ਕਰੀਬ 19 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਸ਼ੱਕੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਅਤੇ ਅੱਧੀ ਦਰਜਨ ਦੇ ਕਰੀਬ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੂੰ ਜਾਣਕਾਰੀ ਮਿਲੀ ਹੈ ਕਿ ਧਮਕੀ ਦੇਣ ਵਾਲੇ ਵਿਅਕਤੀ ਨੇ ਹਥਿਆਰ ਖਰੀਦਣ ਲਈ ਇੱਕ ਆਨਲਾਈਨ ਸਾਈਟ ਨਾਲ ਸੰਪਰਕ ਕੀਤਾ ਸੀ। ਇਸ ਸਾਈਟ ਦੇ ਸੰਚਾਲਕ ਨੂੰ ਵੀ ਪੁਲਿਸ ਨੇ ਪਹਾੜੀ ਥਾਣਾ ਖੇਤਰ ਤੋਂ ਹਿਰਾਸਤ ‘ਚ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਸਰਗਰਮ ਹੋਈ ਇੰਟੈਲੀਜੈਂਸ ਬਿਊਰੋ
ਇੰਟੈਲੀਜੈਂਸ ਬਿਊਰੋ ਦੀ ਟੀਮ ਵੀ ਇਸ ਮਾਮਲੇ ਵਿੱਚ ਸਰਗਰਮ ਹੈ ਅਤੇ ਦੇਗ ਪੁਲਿਸ ਦੇ ਸਹਿਯੋਗ ਨਾਲ ਮੇਵਾਤ ਵਿੱਚ ਪਿਛਲੇ ਕਈ ਦਿਨਾਂ ਤੋਂ ਛਾਪੇਮਾਰੀ ਕਰ ਰਹੀ ਹੈ। ਹਾਲਾਂਕਿ ਪੁਲਿਸ ਅਤੇ ਜਾਂਚ ਏਜੰਸੀਆਂ ਨੂੰ ਮੁਲਜ਼ਮਾਂ ਤੱਕ ਪੁੱਜਣਾ ਮੁਸ਼ਕਲ ਹੋ ਰਿਹਾ ਹੈ ਕਿਉਂਕਿ ਮੁਲਜ਼ਮ ਨੇ ਆਪਣਾ ਮੋਬਾਈਲ ਨਸ਼ਟ ਕਰ ਦਿੱਤਾ ਹੈ, ਜਿਸ ਕਾਰਨ ਠੋਸ ਸਬੂਤ ਇਕੱਠੇ ਕਰਨੇ ਮੁਸ਼ਕਲ ਹੋ ਰਹੇ ਹਨ।
ਆਪਰੇਸ਼ਨ ਐਂਟੀ ਵਾਇਰਸ ਸ਼ੁਰੂ ਕੀਤਾ ਗਿਆ
ਸਾਈਬਰ ਠੱਗਾਂ ਦੀਆਂ ਵਧਦੀਆਂ ਗਤੀਵਿਧੀਆਂ ਕਾਰਨ ਮੇਵਾਤ ਖੇਤਰ ‘ਚ ‘ਆਪ੍ਰੇਸ਼ਨ ਐਂਟੀ ਵਾਇਰਸ’ ਚਲਾਇਆ ਜਾ ਰਿਹਾ ਹੈ। ਪੁਲਿਸ ਨੂੰ ਪਤਾ ਲੱਗਾ ਹੈ ਕਿ ਘਰਾਂ ‘ਤੇ ਪੁਲਿਸ ਦੀ ਬੁਲਡੋਜ਼ਿੰਗ ਕਾਰਵਾਈ ਤੋਂ ਪਰੇਸ਼ਾਨ ਇਕ ਸਾਈਬਰ ਠੱਗ ਨੇ ਪ੍ਰਧਾਨ ਮੰਤਰੀ ਨੂੰ ਧਮਕੀ ਦਿੱਤੀ ਹੈ। ਪੁਲਿਸ ਹਰ ਸੰਭਵ ਪਹਿਲੂ ਤੋਂ ਜਾਂਚ ਕਰ ਰਹੀ ਹੈ ਤਾਂ ਜੋ ਧਮਕੀ ਦੇਣ ਵਾਲੇ ਵਿਅਕਤੀ ਦੀ ਪਛਾਣ ਹੋ ਸਕੇ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਤੇਜ਼ੀ ਨਾਲ ਕੰਮ ਕਰ ਰਹੀਆਂ ਹਨ ਤਾਂ ਜੋ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫੜਿਆ ਜਾ ਸਕੇ ਅਤੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।