ਅੰਬਾਲਾ: ਹਰਿਆਣਾ ਪ੍ਰਸ਼ਾਸਨ ਵੱਲੋਂ ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ (The Ambala-Chandigarh National Highway ) ’ਤੇ ਝਾਰਮੜੀ ਸਰਹੱਦ (The Jharmadi Border) ’ਤੇ ਕੀਤੀ ਗਈ ਬੈਰੀਕੇਡਿੰਗ ਨੂੰ ਖੋਲ੍ਹਣ ਦਾ ਕੰਮ ਬੀਤੀ ਦੇਰ ਸ਼ਾਮ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ। ਕੰਕਰੀਟ ਦੀ ਬੈਰੀਕੇਡਿੰਗ ਦੀ ਮਜ਼ਬੂਤੀ ਕਾਰਨ ਇਸ ਨੂੰ ਤੋੜਨ ਵਿੱਚ ਸਮਾਂ ਲੱਗ ਰਿਹਾ ਹੈ, ਪਰ ਝਾਰਮੜੀ ਬਾਰਡਰ ਜਲਦੀ ਖੁੱਲ੍ਹਣ ਦੀ ਉਮੀਦ ਹੈ।
ਕਿਸਾਨਾਂ ਦੇ 13 ਫਰਵਰੀ ਨੂੰ ਦਿੱਲੀ ਵੱਲ ਮਾਰਚ ਕਰਨ ਦੇ ਐਲਾਨ ਕਾਰਨ ਹਰਿਆਣਾ ਪ੍ਰਸ਼ਾਸਨ ਨੇ 11 ਫਰਵਰੀ ਨੂੰ ਅੰਬਾਲਾ-ਚੰਡੀਗੜ੍ਹ ਕੌਮੀਮਾਰਗ ‘ਤੇ ਸਥਿਤ ਝਾਰਮੜੀ ਬੈਰੀਅਰ ਅਤੇ 12 ਫਰਵਰੀ ਨੂੰ ਹਾਈਵੇ ਦੇ ਦੋਵੇਂ ਪਾਸਿਓ ਕੌਮੀ ਮਾਰਗ ਨੂੰ ਬੰਦ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਹਰਿਆਣਾ ਵੱਲੋਂ ਕੌਮੀਮਾਰਗ ਤੇ ਸੀਮਿੰਟ ਵਾਲੇ ਪੱਥਰ ਦੀ ਤਿੰਨ ਪਰਤਾਂ ਦੀ ਬੈਰੀਕੇਡਿੰਗ ਬਣਾਈ ਗਈ ਸੀ ਅਤੇ ਵਿਚਕਾਰਲੇ ਹਿੱਸੇ ਨੂੰ ਮਿਕਸਰ ਮਸ਼ੀਨ ਦੀ ਵਰਤੋਂ ਕਰਕੇ ਸੀਮਿੰਟ ਬੱਜਰੀ ਦੀ ਕੰਕਰੀਟ ਨਾਲ ਭਰਿਆ ਗਿਆ ਸੀ ਅਤੇ ਉਹਨਾਂ ਨੂੰ ਮੋਟੀਆਂ ਰਾਡਾਂ ਦੇ ਕੋਣਾਂ ਨਾਲ ਇੱਕ ਦੂਜੇ ਨਾਲ ਜੋੜ ਕੇ ਸਹਾਰਾ ਦਿੱਤਾ ਗਿਆ ਸੀ।
ਉਸ ਸਮੇਂ ਹਾਈਵੇਅ ਨੂੰ ਬੈਰੀਕੇਡ ਕਰਨ ਲਈ ਭਾਰੀ ਮਸ਼ੀਨਰੀ ਦੀ ਵਰਤੋਂ ਕੀਤੀ ਗਈ ਸੀ, ਜਦੋਂ ਕਿ ਕਿਸਾਨਾਂ ਦਾ ਦਿੱਲੀ ਵੱਲ ਮਾਰਚ ਕਰਨ ਦਾ ਸੱਦਾ ਸ਼ੰਭੂ ਵੱਲੋਂ ਦੇ ਦਿੱਤਾ ਗਿਆ ਸੀ। ਪੁਲਿਸ ਮੁਲਾਜ਼ਮਾਂ ਦੇ ਨਾਲ ਕੇਂਦਰੀ ਸੁਰੱਖਿਆ ਬਲ ਦੀਆਂ ਟੁਕੜੀਆਂ ਵੀ ਬੈਰੀਕੇਡਿੰਗ ਲਗਾ ਕੇ ਤਾਇਨਾਤ ਕੀਤੀਆਂ ਗਈਆਂ ਸਨ। ਸਰਹੱਦ ਬੰਦ ਹੋਣ ਕਾਰਨ ਪਿਛਲੇ 22 ਦਿਨਾਂ ਤੋਂ ਅੰਬਾਲਾ ਤੋਂ ਦਿੱਲੀ ਜਾਣ ਵਾਲੇ ਯਾਤਰੀਆਂ ਦਾ ਸਮਾਂ ਅਤੇ ਪ੍ਰੇਸ਼ਾਨੀ ਕਾਫੀ ਵਧੀ ਹੋਈ ਹੈ, ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।
ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ਦੇ ਖੁਲਣ ਨਾਲ ਰਾਹਗੀਰਾਂ ਸਮੇਤ ਪਿੰਡਾਂ ਦੇ ਲੋਕਾਂ ਨੂੰ ਮਿਲੇਗੀ ਰਾਹਤ
ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ਬੰਦ ਹੋਣ ਕਾਰਨ ਆਵਾਜਾਈ ਲਾਲੜੂ ਨੇੜਲੇ ਪਿੰਡਾਂ ਵਿੱਚੋਂ ਦੀ ਹੋ ਕੇ ਲੰਘ ਰਹੀ ਹੈ, ਜਿਸ ਕਾਰਨ ਲੋਕਾਂ ਦਾ ਰਹਿਣਾ ਵੀ ਦੁਭਰ ਹੋ ਗਿਆ ਸੀ । ਆਵਾਜਾਈ ਕਾਰਨ ਜਿਥੇ ਸੜਕਾਂ ਪੂਰੀ ਤਰ੍ਹਾਂ ਟੁੱਟ ਚੁੱਕੀਆਂ ਹਨ, ਉਥੇ ਹੀ ਪਿੰਡਾਂ ਵਿੱਚ ਪਾਏ ਹੋਏ ਪੀਣ ਵਾਲੇ ਪਾਣੀ ਦੀ ਜਮੀਨਦੋਜ਼ ਪਾਇਪ ਲਾਈਨਾਂ ਵੀ ਟੁੱਟ ਚੁੱਕੀਆਂ ਹਨ। ਆਵਾਜਾਈ ਨੇ ਲੋਕਾਂ ਦਾ ਔਖਾ ਕੀਤਾ ਹੋਇਆ ਹੈ। ਝਾਰਮੜੀ ਬੈਰੀਅਰ ਤੋਂ ਬੈਰੀਕੇਟਿੰਗ ਹਟਾਉਣ ਤੋਂ ਬਾਅਦ ਜਿਥੇ ਰਾਹਗੀਰਾਂ ਨੂੰ ਰਾਹਤ ਮਿਲੇਗੀ, ਉਥੇ ਹੀ ਪਿੰਡਾਂ ਦੀਆਂ ਸੜਕਾ ਦੇ ਆਵਾਜਾਈ ਨੇ ਮਚਾਏ ਹੜਕੰਪ ਤੋਂ ਲੋਕਾਂ ਨੂੰ ਸੁੱਖ ਦਾ ਸਾਹ ਆਵੇਗਾ।