ਡੇਰਾਬੱਸੀ : ਡੇਰਾਬੱਸੀ ਪੁਲਿਸ (Derabassi police) ਨੇ ਐਤਵਾਰ ਨੂੰ ਮੁੰਬਈ ਮਹਾਰਾਸ਼ਟਰ ਵਿੱਚ ਖੇਡਣ ਦੇ ਬਹਾਨੇ ਘਰੋਂ ਨਿਕਲੇ 7 ਵਿੱਚੋਂ 5 ਬੱਚਿਆਂ ਦਾ ਪਤਾ ਲਾਇਆ ਹੈ। ਇਹ ਬੱਚੇ ਬੋਰੀਵਲੀ ਥਾਣੇ ਵਿੱਚ ਮੁੰਬਈ ਪੁਲਿਸ ਦੀ ਨਿਗਰਾਨੀ ਵਿੱਚ ਹਨ। ਡੇਰਾਬੱਸੀ ਪੁਲਿਸ ਦੀ ਟੀਮ ਹੁਣ ਮਾਪਿਆਂ ਸਮੇਤ ਉਨ੍ਹਾਂ ਨੂੰ ਲੈਣ ਲਈ ਮੁੰਬਈ ਲਈ ਰਵਾਨਾ ਹੋ ਗਈ ਹੈ। ਜਲਦ ਹੀ ਡੇਰਾਬੱਸੀ ‘ਚ 5 ਬੱਚਿਆਂ ਨੂੰ ਸੁਰੱਖਿਅਤ ਉਨ੍ਹਾਂ ਦੇ ਪਰਿਵਾਰਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ। ਡੇਰਾਬੱਸੀ ‘ਚ ਐਤਵਾਰ ਨੂੰ ਖੇਡਣ ਲਈ ਘਰੋਂ ਨਿਕਲੇ 7 ਬੱਚਿਆਂ ‘ਚੋਂ 2 ਬੱਚੇ ਗੌਰਵ ਅਤੇ ਗਿਆਨ ਚੰਦ ਨੂੰ ਪੁਲਿਸ ਨੇ ਚੌਥੇ ਦਿਨ ਦਿੱਲੀ ਰੇਲਵੇ ਸਟੇਸ਼ਨ ਤੋਂ ਬਰਾਮਦ ਕਰ ਲਿਆ।
ਇਹ ਬੱਚੇ ਬੁੱਧਵਾਰ ਦੇਰ ਰਾਤ ਮੁੰਬਈ ਤੋਂ ਵਾਪਸ ਆਉਂਦੇ ਸਮੇਂ ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਮਿਲੇ ਸਨ। ਉਹ ਮੁੰਬਈ ਰੇਲਵੇ ਸਟੇਸ਼ਨ ‘ਤੇ ਦੂਜੇ ਬੱਚਿਆਂ ਨਾਲਸੌਂਦੇ ਸਨ ਤੇ ਉੱਥੇ ਹੀ ਸਮਾਂ ਬਿਤਾ ਰਹੇ ਸਨ। ਡੇਰਾਬੱਸੀ ਥਾਣੇ ਦੇ ਇੰਚਾਰਜ ਇੰਸਪੈਕਟਰ ਮਨਦੀਪ ਸਿੰਘ ਅਨੁਸਾਰ ਪਹਿਲਾਂ ਗੌਰਵ ਨਾਂ ਦੇ ਬੱਚੇ ਨੂੰ ਟੀਮ ਨਾਲ ਮੁੰਬਈ ਲੈ ਕੇ ਜਾਣ ਦਾ ਪ੍ਰੋਗਰਾਮ ਸੀ ਕਿਉਂਕਿ ਮੁੰਬਈ ਪੁਲਿਸ 5 ਬੱਚਿਆਂ ਨੂੰ ਆਪਣੀ ਹਿਰਾਸਤ ਵਿੱਚ ਲੈ ਚੁੱਕੀ ਹੈ, ਇਸ ਲਈ ਗੌਰਵ ਨੂੰ ਲਿਜਾਣ ਦੀ ਕੋਈ ਲੋੜ ਨਹੀਂ ਸੀ।