ਦਿੱਲੀ : ਲੋਕ ਸਭਾ ਚੋਣਾਂ (Lok Sabha Elections) ਲਈ ਵੋਟਿੰਗ ਆਖਰੀ ਪੜਾਅ ‘ਤੇ ਪਹੁੰਚ ਗਈ ਹੈ।  ਸ਼ਨੀਵਾਰ ਸਵੇਰੇ 7 ਵਜੇ ਤੋਂ ਲੋਕ ਸਭਾ ਚੋਣਾਂ ਦੇ ਸੱਤਵੇਂ ਅਤੇ ਆਖਰੀ ਪੜਾਅ ਲਈ 57 ਸੀਟਾਂ ‘ਤੇ ਵੋਟਿੰਗ ਸ਼ੁਰੂ ਹੋ ਗਈ। ਇਸ ਤੋਂ ਪਹਿਲਾਂ ਲੋਕ ਸਭਾ ਦੀਆਂ 486 ਸੀਟਾਂ ਲਈ 6 ਪੜਾਵਾਂ ‘ਚ ਵੋਟਿੰਗ ਹੋ ਚੁੱਕੀ ਹੈ।

ਵੋਟਿੰਗ ਦੇ ਇਸ ਆਖ਼ਰੀ ਦੌਰ ਦੇ ਮੁਕੰਮਲ ਹੋਣ ਦੇ ਨਾਲ ਹੀ ਲੋਕ ਸਭਾ ਲਈ ਵੋਟਿੰਗ ਮੁਕੰਮਲ ਹੋ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਵੀ ਇਸ ਆਖਰੀ ਗੇੜ ਦੇ ਉਮੀਦਵਾਰ ਹਨ। ਉਨ੍ਹਾਂ ਤੋਂ ਇਲਾਵਾ ਕਈ ਕੇਂਦਰੀ ਮੰਤਰੀ ਅਤੇ ਵਿਰੋਧੀ ਧਿਰ ਦੇ ਵੱਡੇ ਆਗੂ ਵੀ ਚੋਣ ਮੈਦਾਨ ਵਿੱਚ ਹਨ। 57 ਲੋਕ ਸਭਾ ਸੀਟਾਂ ਤੋਂ ਇਲਾਵਾ ਓਡੀਸ਼ਾ ਰਾਜ ਵਿਧਾਨ ਸਭਾ ਦੀਆਂ ਬਾਕੀ 42 ਸੀਟਾਂ ਲਈ ਵੀ ਵੋਟਿੰਗ ਹੋ ਰਹੀ ਹੈ।

ਸੱਤਵੇਂ ਪੜਾਅ ਵਿੱਚ 57 ਸੀਟਾਂ ਲਈ ਵੱਖ-ਵੱਖ ਰਾਜਾਂ ਵਿੱਚ ਕੁੱਲ 1.09 ਲੱਖ ਪੋਲਿੰਗ ਸਟੇਸ਼ਨਾਂ ‘ਤੇ ਵੋਟਿੰਗ ਹੋ ਰਹੀ ਹੈ। ਕੁੱਲ 57 ਸੀਟਾਂ ‘ਤੇ 10.06 ਕਰੋੜ ਤੋਂ ਵੱਧ ਵੋਟਰ ਹਨ ਜਿੱਥੇ ਵੋਟਿੰਗ ਹੋ ਰਹੀ ਹੈ। ਚੋਣ ਕਮਿਸ਼ਨ ਦੇ ਅਨੁਸਾਰ, ਇਨ੍ਹਾਂ 10.06 ਕਰੋੜ ਤੋਂ ਵੱਧ ਵੋਟਰਾਂ ਵਿੱਚ ਲਗਭਗ 5.24 ਕਰੋੜ ਪੁਰਸ਼, 4.82 ਕਰੋੜ ਔਰਤਾਂ ਅਤੇ 3574 ਤੀਜੇ ਲਿੰਗ ਵੋਟਰ ਸ਼ਾਮਲ ਹਨ।

ਸੱਤਵੇਂ ਪੜਾਅ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰਾਣਸੀ ਤੋਂ ਉਮੀਦਵਾਰ ਹਨ। ਭਾਜਪਾ ਨੇ ਅਦਾਕਾਰਾ ਕੰਗਨਾ ਰਣੌਤ ਨੂੰ ਹਿਮਾਚਲ ਦੀ ਮੰਡੀ ਸੀਟ ਤੋਂ ਉਮੀਦਵਾਰ ਬਣਾਇਆ ਹੈ। ਮੰਡੀ ਸੀਟ ‘ਤੇ ਹੋ ਰਹੀ ਇਸ ਚੋਣ ‘ਚ ਕੰਗਣਾ ਦਾ ਮੁਕਾਬਲਾ ਕਾਂਗਰਸ ਦੇ ਵਿਕਰਮਾਦਿੱਤਿਆ ਸਿੰਘ ਨਾਲ ਹੈ।

ਪੱਛਮੀ ਬੰਗਾਲ ਤੋਂ ਮਮਤਾ ਬੈਨਰਜੀ ਦੇ ਭਤੀਜੇ ਅਤੇ ਟੀ.ਐਮ.ਸੀ ਦੇ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਵੀ ਇਸ ਆਖਰੀ ਗੇੜ ਦੀ ਵੋਟਿੰਗ ਵਿੱਚ ਉਮੀਦਵਾਰ ਹਨ। ਪੰਜਾਬ ਵਿੱਚ ਕਾਂਗਰਸ ਦੇ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੋਣ ਲੜ ਰਹੇ ਹਨ। ਇੱਥੇ ਸਾਰੀਆਂ 13 ਸੰਸਦੀ ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ।

ਬਿਹਾਰ ਵਿੱਚ ਭੋਜਪੁਰੀ ਕਲਾਕਾਰ ਪਵਨ ਸਿੰਘ, ਊਰਜਾ ਮੰਤਰੀ ਆਰਕੇ ਸਿੰਘ, ਪੰਕਜ ਚੌਧਰੀ, ਮਿਜਾਰਪੁਰ ਤੋਂ ਅਨੁਪ੍ਰਿਆ ਪਟੇਲ, ਚੰਦੌਲੀ ਤੋਂ ਮਹਿੰਦਰਨਾਥ ਪਾਂਡੇ ਅਤੇ ਹਮੀਰਪੁਰ ਤੋਂ ਅਨੁਰਾਗ ਠਾਕੁਰ ਸੱਤਵੇਂ ਪੜਾਅ ਵਿੱਚ ਚੋਣ ਲੜ ਰਹੇ ਹਨ। ਇਸ ਆਖਰੀ ਪੜਾਅ ਵਿੱਚ 8 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ 904 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਵੋਟਿੰਗ ਮੁਕੰਮਲ ਹੋਣ ਤੋਂ ਬਾਅਦ ਹੁਣ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ।

ਸੱਤਵੇਂ ਅਤੇ ਆਖਰੀ ਪੜਾਅ ‘ਚ ਬਿਹਾਰ ਦੀਆਂ 8 ਸੀਟਾਂ ‘ਤੇ ਲੋਕ ਸਭਾ ਚੋਣਾਂ ਹੋ ਰਹੀਆਂ ਹਨ। ਚੰਡੀਗੜ੍ਹ ਦੀ 1 ਸੀਟ ਅਤੇ ਹਿਮਾਚਲ ਪ੍ਰਦੇਸ਼ ਦੀਆਂ ਚਾਰੋਂ ਸੰਸਦੀ ਸੀਟਾਂ ‘ਤੇ ਲੋਕ ਸਭਾ ਚੋਣਾਂ ਹੋ ਰਹੀਆਂ ਹਨ। ਇਸ ਤੋਂ ਇਲਾਵਾ ਝਾਰਖੰਡ ਦੀਆਂ 3, ਓਡੀਸ਼ਾ ਦੀਆਂ 6 ਅਤੇ ਪੰਜਾਬ ਦੀਆਂ ਸਾਰੀਆਂ 13 ਸੀਟਾਂ ‘ਤੇ ਵੀ ਵੋਟਿੰਗ ਹੋ ਰਹੀ ਹੈ।

ਆਖਰੀ ਅਤੇ ਸੱਤਵੇਂ ਪੜਾਅ ‘ਚ ਉੱਤਰ ਪ੍ਰਦੇਸ਼ ਦੀਆਂ 13 ਅਤੇ ਪੱਛਮੀ ਬੰਗਾਲ ਦੀਆਂ 9 ਸੀਟਾਂ ‘ਤੇ ਵੀ ਵੋਟਿੰਗ ਹੋ ਰਹੀ ਹੈ। ਚੋਣ ਕਮਿਸ਼ਨ ਅਨੁਸਾਰ ਪਿਛਲੇ ਦੋ ਪੜਾਵਾਂ ਵਿੱਚ ਮਰਦ ਵੋਟਰਾਂ ਦੇ ਮੁਕਾਬਲੇ ਮਹਿਲਾ ਵੋਟਰਾਂ ਦੀ ਵੋਟ ਪ੍ਰਤੀਸ਼ਤਤਾ ਵੱਧ ਰਹੀ ਹੈ।

Leave a Reply