November 5, 2024

ਆਲੂ ਨੂੰ ਇਸ ਤਰ੍ਹਾਂ ਵਰਤਣ ਨਾਲ ਚਿਹਰੇ ਦੀ ਚਮਕ ਰਹੇਗੀ ਬਰਕਰਾਰ

ਲਾਇਫ ਸਟਾਇਲ : ਆਲੂ ਨਾਲ ਚਮੜੀ ‘ਤੇ ਪਏ ਕਾਲੇ ਦਾਗ਼ ਧੱਬਿਆਂ ਤੋਂ ਛੁਟਕਾਰਾ ਮਿਲ ਸਕਦਾ ਹੈ। ਪੁਰਾਣੇ ਸਮੇਂ ਵਿਚ ਚਮੜੀ ਵਿਚ ਖਾਰਸ਼ ਲਈ ਆਲੂ ਨੂੰ ਦਵਾਈ ਵਾਲੇ ਗੁਣਾਂ ਵਜੋਂ ਵਰਤਿਆ ਜਾਂਦਾ ਸੀ। ਆਲੂ ਦੀਆਂ ਫਾੜੀਆਂ ਨੂੰ ਚਮੜੀ ਦੇ ਲਾਲ ਚਕੱਤਿਆਂ, ਖਾਰਸ਼ ਅਤੇ ਕਾਲੇ ਦਾਗ਼ ਧੱਬਿਆਂ ਆਦਿ ‘ਤੇ ਲਾਉਣ ਇਨ੍ਹਾਂ ਤੋਂ ਛੁਟਕਾਰਾ ਮਿਲ ਸਕਦਾ ਹੈ। ਆਲੂ ਦੇ ਜੂਸ ਨੂੰ ਚਿਹਰੇ ‘ਤੇ ਲਗਾਉਣ ਨਾਲ ਚਿਹਰੇ ਦੀ ਚਮੜੀ ਵਿਚ ਖਿਚਾਅ ਆਉਂਦਾ ਹੈ ਅਤੇ ਚਿਹਰੇ ਦੀਆਂ ਝੁਰੜੀਆਂ ਦੂਰ ਹੁੰਦੀਆਂ ਹਨ। ਆਲੂ ਧੱਬਿਆਂ ਨੂੰ ਦੂਰ ਕਰਨ ਵਿਚ ਸਹਾਇਕ ਸਿੱਧ ਹੁੰਦਾ ਹੈ। ਆਲੂ ਦੀ ਵਰਤੋਂ ਨਾਲ ਅੱਖਾਂ ਦੇ ਆਲੇ-ਦੁਆਲੇ ਸੋਜ ਨੂੰ ਘੱਟ ਕਰਨ ਵਿਚ ਮਦਦ ਮਿਲਦੀ ਹੈ। ਆਲੂ ਅਤੇ ਖੀਰੇ ਦੇ ਜੂਸ ਨੂੰ ਬਰਾਬਰ ਮਾਤਰਾ ਵਿਚ ਮਿਲਾ ਕੇ ਹਰ ਰੋਜ਼ ਅੱਖਾਂ ਦੇ ਆਲੇ-ਦੁਆਲੇ ਲਗਾਉਣ ਨਾਲ ਅੱਖਾਂ ਦੀ ਸੁੰਦਰਤਾ ਵਧਦੀ ਹੈ।

ਆਲੂ ਅਤੇ ਆਂਡੇ ਦੇ ਫੇਸਪੈਕ ਨੂੰ ਚਿਹਰੇ ‘ਤੇ ਲਗਾਉਣ ਨਾਲ ਚਿਹਰੇ ਦੀ ਚਮੜੀ ਵਿਚ ਖਿਚਾਅ ਆਉਂਦਾ ਹੈ ਅਤੇ ਚਮੜੀ ਵਿਚ ਤਾਜ਼ਗੀ ਆਉਂਦੀ ਹੈ। ਅੱਧੇ ਆਲੂ ਦੇ ਰਸ ਵਿਚ ਇਕ ਆਂਡੇ ਦਾ ਸਫੇਦ ਹਿੱਸਾ ਮਿਲਾ ਕੇ ਮਿਸ਼ਰਨ ਬਣਾ ਲਓ ਅਤੇ ਇਸ ਮਿਸ਼ਰਨ ਨੂੰ ਚਿਹਰੇ ‘ਤੇ ਅੱਧੇ ਘੰਟੇ ਤੱਕ ਲੱਗਾ ਕੇ ਰੱਖੋ ਤੇ ਫਿਰ ਚਿਹਰੇ ਨੂੰ ਸਾਫ਼ ਤਾਜ਼ੇ ਪਾਣੀ ਨਾਲ ਧੋ ਲਓ। ਇਸ ਨਾਲ ਚਿਹਰੇ ਦੇ ਸੁਰਾਖਾਂ ਵਿਚ ਖਿਚਾਅ ਆਵੇਗਾ ਅਤੇ ਤੁਸੀਂ ਜਵਾਨ ਦਿਖਾਈ ਦੇਵੋਗੇ।

ਅੱਧੇ ਆਲੂ ਦੇ ਰਸ ਵਿਚ ਦੋ ਚਮਚ ਦੁੱਧ ਮਿਲਾ ਕੇ ਬਣੇ ਮਿਸ਼ਰਨ ਨੂੰ ਰੂੰ ਦੀ ਮਦਦ ਨਾਲ ਪੂਰੇ ਚਿਹਰੇ ਅਤੇ ਗਰਦਨ ‘ਤੇ ਲਗਾਓ। ਇਸ ਮਿਸ਼ਰਨ ਨੂੰ ਅੱਧੇ ਘੰਟੇ ਬਾਅਦ ਪਾਣੀ ਨਾਲ ਧੋ ਲਓ। ਇਸ ਮਿਸ਼ਰਨ ਨੂੰ ਹਫ਼ਤੇ ਵਿਚ ਦੋ ਵਾਰ ਲਗਾਉਣ ਨਾਲ ਚਿਹਰੇ ਦੀ ਚਮੜੀ ਵਿਚ ਤਾਜ਼ਗੀ ਅਤੇ ਜਵਾਨੀ ਦਾ ਅਹਿਸਾਸ ਹੁੰਦਾ ਹੈ।

ਆਲੂ ਦੇ ਛਿਲਕਿਆਂ ਨਾਲ ਵਾਲਾਂ ਦੀ ਰੰਗਤ ਕਾਲੀ ਬਣੀ ਰਹਿੰਦੀ ਹੈ। ਆਲੂ ਦੇ ਛਿਲਕਿਆਂ ਨੂੰ ਪਾਣੀ ਵਿਚ ਉਬਾਲ ਕੇ ਠੰਡਾ ਹੋਣ ਦਿਓ ਅਤੇ ਸ਼ੈਂਪੂ ਤੋਂ ਬਾਅਦ ਇਸ ਪਾਣੀ ਨਾਲ ਵਾਲਾਂ ਨੂੰ ਧੋ ਲਵੋ। ਇਸ ਨਾਲ ਵਾਲਾਂ ‘ਚ ਚਮਕ ਅਤੇ ਕੋਮਲਤਾ ਆਉਂਦੀ ਹੈ।
ਆਲੂ ਨੂੰ ਹੇਠ ਲਿਖੇ ਢੰਗਾਂ ਨਾਲ ਵਰਤਿਆ ਜਾ ਸਕਦਾ ਹੈ

ਆਲੂ ਅਤੇ ਹਲਦੀ ਦੇ ਫੇਸਪੈਕ ਨਾਲ ਤੁਹਾਡੀ ਚਮੜੀ ਦੀ ਰੰਗਤ ਵਿਚ ਨਿਖਾਰ ਆਉਂਦਾ ਹੈ। ਅੱਧੇ ਆਲੂ ਦੇ ਰਸ ਵਿਚ ਥੋੜ੍ਹੀ ਜਿਹੀ ਹਲਦੀ ਪਾ ਕੇ ਬਣੇ ਮਿਸ਼ਰਨ ਨੂੰ ਅੱਧੇ ਘੰਟੇ ਤੱਕ ਚਿਹਰੇ ਉੱਤੇ ਲਗਾਓ ਅਤੇ ਬਾਅਦ ਵਿਚ ਤਾਜ਼ੇ ਪਾਣੀ ਨਾਲ ਧੋ ਲਓ। ਇਸ ਪੈਕ ਨੂੰ ਹਫ਼ਤੇ ਵਿਚ ਦੋ ਵਾਰ ਲਗਾਉਣ ਨਾਲ ਚਮੜੀ ਦੀ ਰੰਗਤ ਸਾਫ਼ ਹੋਣੀ ਸ਼ੁਰੂ ਹੋ ਜਾਂਦੀ ਹੈ ਅਤੇ ਤੁਸੀਂ ਜਵਾਨ ਲੱਗਣ ਲਗਦੇ ਹੋ।

ਆਲੂ ਜੂਸ ਨੂੰ ਹਰ ਰੋਜ਼ ਚਿਹਰੇ ਅਤੇ ਬਾਹਰ ਚਮੜੀ ‘ਤੇ ਲਗਾ ਕੇ 20 ਮਿੰਟ ਬਾਅਦ ਤਾਜ਼ੇ ਸਾਫ਼ ਪਾਣੀ ਨਾਲ ਧੋ ਲਓ। ਇਸ ਨਾਲ ਚਿਹਰੇ ਦੀਆਂ ਝੁਰੜੀਆਂ ਖ਼ਤਮ ਹੋ ਜਾਣਗੀਆਂ ਅਤੇ ਚਿਹਰੇ ‘ਤੇ ਜਵਾਨੀ ਆ ਜਾਵੇਗੀ।

ਆਲੂ ਦੇ ਛਿਲਕੇ ਨੂੰ ਬਲੈਂਡ ਕਰ ਕੇ ਚਿਹਰੇ ‘ਤੇ ਕੁਝ ਸਮੇਂ ਤੱਕ ਹਲਕੀ-ਹਲਕੀ ਮਸਾਜ ਕਰੋ ਅਤੇ ਇਸ ਤੋਂ ਬਾਅਦ ਤਾਜ਼ੇ, ਸਾਫ਼ ਪਾਣੀ ਨਾਲ ਧੋ ਲਓ। ਇਸ ਨਾਲ ਚਮੜੀ ਨੂੰ ਸਾਫ਼ ਰੱਖਣ ਅਤੇ ਕਾਲੇ ਧੱਬਿਆਂ ਨੂੰ ਦੂਰ ਕਰਨ ਵਿਚ ਮਦਦ ਮਿਲੇਗੀ।

ਆਲੂ ਦੇ ਜੂਸ ਨੂੰ ਮੁਲਤਾਨੀ ਮਿੱਟੀ ਅਤੇ ਗੁਲਾਬ ਜਲ ਵਿਚ ਮਿਲਾ ਕੇ ਪੇਸਟ ਬਣਾ ਕੇ ਲਾਉਣ ਨਾਲ ਤੇਲ ਪ੍ਰਭਾਵਿਤ ਚਮੜੀ ਤੋਂ ਛੁਟਕਾਰਾ ਮਿਲਦਾ ਹੈ। ਇਸ ਪੇਸਟ ਨੂੰ ਬੁੱਲ੍ਹਾਂ ਅਤੇ ਅੱਖਾਂ ਦੇ ਆਲੇ- ਦੁਆਲੇ ਦੇ ਖੇਤਰਾਂ ਨੂੰ ਛੱਡ ਕੇ ‘ ਬਾਕੀ ਬਚੇ ਚਿਹਰੇ ‘ਤੇ ਕੋਮਲਤਾ ਨਾਲ ਹੌਲੀ-ਹੌਲੀ ਲਗਾ ਲਓ ਅਤੇ ਜਦੋਂ ਇਹ ਸੁੱਕ ਜਾਵੇ ਤਾਂ ਤਾਜ਼ੇ ਪਾਣੀ ਨਾਲ ਧੋ ਲਓ। ਇਸ ਨਾਲ ਚਮੜੀ ਵਿਚ ਤੇਲ ਵਾਲਾ ਪ੍ਰਭਾਵ ਘੱਟ ਹੋਵੇਗਾ ਅਤੇ ਕਾਲੇ ਮੁਹਾਂਸੇ ਖ਼ਤਮ ਹੋਣਗੇ।

ਆਲੂ ਅਤੇ ਖੀਰੇ ਨੂੰ ਕੱਦੂਕਸ਼ ਕਰਕੇ ਇਸ ਨੂੰ ਪੱਕੇ ਪਪੀਤੇ ਅਤੇ ਦਹੀਂ ਵਿਚ ਮਿਲਾ ਕੇ ਮਿਸ਼ਰਨ ਤਿਆਰ ਕਰ ਲਓ। ਇਸ ਮਿਸ਼ਰਨ ਨੂੰ ਚਿਹਰੇ ‘ਤੇ 20 ਮਿੰਟ ਤੱਕ ਲਗਾ ਕੇ ਚਿਹਰੇ ਨੂੰ ਤਾਜ਼ੇ ਪਾਣੀ ਨਾਲ ਧੋ ਲਓ। ਇਸ ਨਾਲ ਚਮੜੀ ਚਮਕ ਜਾਵੇਗੀ ਅਤੇ ਕੁਦਰਤੀ ਸੁੰਦਰਤਾ ਨੂੰ ਚਾਰ ਚੰਨ ਲੱਗਣਗੇ।

ਆਲੂ ਜੂਸ ਜਾਂ ਕੱਦੂਕਸ਼ ਆਲੂ ਨੂੰ ਚਿਹਰੇ ‘ਤੇ 15 ਮਿੰਟ ਤੱਕ ਲਗਾਉਣ ਤੋਂ ਬਾਅਦ ਖ਼ੁਦ ਤਾਜੇ ਪਾਣੀ ਨਾਲ ਧੋ ਲਓ। ਇਸ ਨਾਲ ਅੱਖਾਂ ਦੇ ਹੇਠਾਂ ਸੋਜ ਖ਼ਤਮ ਹੋ ਜਾਵੇਗੀ ਅਤੇ ਅੱਖਾਂ ਵਿਚ ਆਕਰਸ਼ਣ ਬਰਕਰਾਰ ਰਹੇਗੀ।

ਆਲੂ ਨੂੰ ਕੱਦੂਕਸ਼ ਕਰਕੇ ਦਹੀਂ ਵਿਚ ਮਿਲਾ ਕੇ ਇਸ ਮਿਸ਼ਰਨ ਨੂੰ ਚਿਹਰੇ ‘ਤੇ 20 ਮਿੰਟ ਤੱਕ ਲੱਗਾ ਕੇ ਰੱਖੋ ਅਤੇ ਬਾਅਦ ਵਿਚ ਸਾਫ਼ ਪਾਣੀ ਨਾਲ ਧੋ ਲਓ। ਇਸ ਨਾਲ ਚਮੜੀ ‘ਚ ਨਮੀ ਬਣੀ ਰਹੇਗੀ ਅਤੇ ਖ਼ੁਸ਼ਕ ਚਮੜੀ ਤੋਂ ਛੁਟਕਾਰਾ ਮਿਲੇਗਾ। ਇਸ ਨਾਲ ਚਮੜੀ ‘ਚ ਵਧੇਰੇ ਚਮਕ ਆਵੇਗੀ।

By admin

Related Post

Leave a Reply