ਤਰਨਤਾਰਨ : ਪੰਜਾਬ ਵਿੱਚ ਆਏ ਦਿਨ ਗੋਲੀਬਾਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਅਤੇ ਇਹ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਤਰਨਤਾਰਨ ਜ਼ਿਲ੍ਹੇ (Tarn Taran district) ਤੋਂ ਸਾਹਮਣੇ ਆਇਆ ਹੈ, ਜਿੱਥੇ ਨੌਸ਼ਹਿਰਾ ਪੰਨੂਆ ਕਸਬੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਦੀ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ।
ਮ੍ਰਿਤਕ ਦੀ ਪਛਾਣ ਬਿਕਰਮਜੀਤ ਸਿੰਘ ਉਰਫ ਬਿੱਕਰ ਪੁੱਤਰ ਤਰਸੇਮ ਸਿੰਘ ਵਜੋਂ ਹੋਈ ਹੈ, ਜੋ ਕਿ ਪ੍ਰਾਪਰਟੀ ਡੀਲਰ ਵਜੋਂ ਕੰਮ ਕਰਦਾ ਸੀ। ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਉਸ ‘ਤੇ ਉਸ ਸਮੇਂ ਹਮਲਾ ਕਰ ਦਿੱਤਾ ਜਦੋਂ ਉਹ ਬਾਜ਼ਾਰ ਤੋਂ ਸਾਮਾਨ ਲੈਣ ਜਾ ਰਿਹਾ ਸੀ। ਉਹ ‘ਆਮ ਆਦਮੀ ਪਾਰਟੀ’ ਦੇ ਬਹੁਤ ਹੀ ਮਿਹਨਤੀ ਵਰਕਰ ਸਨ। ਬਿਕਰਮਜੀਤ ਸਿੰਘ ਦੇ ਕੈਬਨਿਟ ਮੰਤਰੀਆਂ ਲਾਲਜੀਤ ਸਿੰਘ ਭੁੱਲਰ ਅਤੇ ਮਨਜਿੰਦਰ ਸਿੰਘ ਲਾਲਪੁਰਾ ਨਾਲ ਨੇੜਲੇ ਸਬੰਧ ਸਨ।
ਬਿਕਰਮਜੀਤ ਆਪਣੇ ਪਿੱਛੇ ਪਤਨੀ ਕੋਮਲਪ੍ਰੀਤ ਕੌਰ, ਇੱਕ ਸਾਲ ਦਾ ਬੇਟਾ, 6 ਸਾਲ ਦੀ ਬੇਟੀ ਅਤੇ 9 ਸਾਲ ਦੀ ਬੇਟੀ ਨੂੰ ਛੱਡ ਕੇ ਦੁਨੀਆ ਨੂੰ ਅਲਵਿਦਾ ਗਏ ਹਨ। ਘਟਨਾ ਦੀ ਸੂਚਨਾ ਮਿਲਣ ‘ਤੇ ਐੱਸ.ਐੱਸ.ਪੀ ਗੌਰਵ ਤੂਰਾ, ਐੱਸ.ਪੀ.ਡੀ. ਅਜੈਰਾਮ ਸਿੰਘ ਅਤੇ ਡੀ.ਐਸ.ਪੀ. ਕੰਵਲਪ੍ਰੀਤ ਸਿੰਘ ਮੰਡ ਨੇ ਮੌਕੇ ‘ਤੇ ਪਹੁੰਚ ਕੇ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।