ਫਰੀਦਾਬਾਦ: ਹਰਿਆਣਾ ਦੇ ਫਰੀਦਾਬਾਦ ਵਿੱਚ ਭ੍ਰਿਸ਼ਟਾਚਾਰ ਰੋਕੂ ਬਿਊਰੋ (The Anti-Corruption Bureau) ਦੀ ਟੀਮ ਨੇ ਆਮਦਨ ਕਰ ਅਧਿਕਾਰੀ ਆਕਾਸ਼ ਮੀਣਾ (Income Tax Officer Akash Meena) ਅਤੇ ਇੱਕ ਨਿੱਜੀ ਵਿਅਕਤੀ ਆਦੇਸ਼ ਕੁਮਾਰ ਨੂੰ 3 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਹੈ । ਦੋਸ਼ੀ ਆਕਾਸ਼ ਮੀਣਾ ਨੇ ਇਹ ਰਿਸ਼ਵਤ ਸ਼ਿਕਾਇਤਕਰਤਾ ਦੁਆਰਾ ਭਰੇ ਗਏ ਇਨਕਮ ਟੈਕਸ ‘ਤੇ ਰੋਕ ਨਾ ਲਗਾਉਣ ਦੇ ਬਦਲੇ ਮੰਗੀ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਐਂਟੀ ਕੁਰੱਪਸ਼ਨ ਬਿਊਰੋ ਦੀ ਟੀਮ ਨੂੰ ਇਸ ਸਬੰਧੀ ਸ਼ਿਕਾਇਤ ਮਿਲੀ ਸੀ, ਜਿਸ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੁਆਰਾ ਅਦਾ ਕੀਤੇ ਆਮਦਨ ਕਰ ‘ਤੇ ਕਿਸੇ ਪ੍ਰਕਾਰ ਦੀ ਰੋਕ ਨਾ ਲਗਾਉਣ ਦੇ ਬਦਲੇ ਵਿੱਚ ਇਨਕਮ ਟੈਕਸ ਅਧਿਕਾਰੀ ਆਕਾਸ਼ ਮੀਣਾ ਨੇ 3 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ। ਇਹ ਰਿਸ਼ਵਤ ਮੁਲਜ਼ਮਾਂ ਨੇ ਇੱਕ ਨਿੱਜੀ ਵਿਅਕਤੀ ਆਦੇਸ਼ ਕੁਮਾਰ ਰਾਹੀਂ ਮੰਗੀ ਸੀ।
ਇਸ ਮਾਮਲੇ ਵਿੱਚ ਐਂਟੀ ਕੁਰੱਪਸ਼ਨ ਬਿਊਰੋ ਦੀ ਟੀਮ ਨੇ ਤੱਥਾਂ ਦੀ ਪੜਤਾਲ ਕਰਕੇ ਮੁਲਜ਼ਮਾਂ ਨੂੰ ਫੜਨ ਲਈ ਜਾਲ ਵਿਛਾਇਆ, ਜਿਸ ਵਿੱਚੋਂ ਮੁਲਜ਼ਮ ਆਦੇਸ਼ ਕੁਮਾਰ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਬਾਅਦ ‘ਚ ਫਰੀਦਾਬਾਦ ਐਂਟੀ ਕਰੱਪਸ਼ਨ ਬਿਊਰੋ ਦੇ ਥਾਣੇ ‘ਚ ਮਾਮਲਾ ਦਰਜ ਕਰ ਲਿਆ ਗਿਆ ਅਤੇ ਲੋੜੀਂਦੇ ਸਬੂਤ ਇਕੱਠੇ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।