ਸ੍ਰੀ ਕੀਰਤਪੁਰ ਸਾਹਿਬ : ਪਤਾਲਪੁਰੀ ਚੌਕ ਕੀਰਤਪੁਰ ਸਾਹਿਬ (Patalpuri Chowk Kiratpur Sahib) ਵਿਖੇ ਆਕਸੀਜਨ ਗੈਸ ਸਿਲੰਡਰ ਨਾਲ ਭਰਿਆ ਕੈਂਟਰ ਪਲਟ ਜਾਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਇਸ ਦੌਰਾਨ ਸਿਲੰਡਰ ਨੂੰ ਅੱਗ ਲੱਗ ਗਈ। ਕੈਂਟਰ ਚਾਲਕ ਨੂੰ ਇੱਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਕੈਬਿਨ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਭੇਜਿਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਦਿੱਲੀ ਤੋਂ ਨੰਗਲ ਗੈਸ ਸਿਲੰਡਰ ਲੈ ਕੇ ਜਾ ਰਿਹਾ ਇੱਕ ਕੈਂਟਰ ਬੇਕਾਬੂ ਹੋ ਕੇ ਪਲਟ ਗਿਆ। ਇਸ ਦੌਰਾਨ ਜਦੋਂ ਕੈਂਟਰ ਚਾਲਕ ਇਸ ਕੈਂਟਰ ਵਿੱਚ ਫਸ ਗਿਆ ਤਾਂ ਇਸ ਕੈਂਟਰ ਵਿੱਚ ਲੱਦੇ ਸਿਲੰਡਰ ਨੂੰ ਅੱਗ ਲੱਗ ਗਈ। ਸਿਲੰਡਰ ਵਿੱਚ ਆਕਸੀਜਨ ਗੈਸ ਸੀ। ਅੱਗ ਦੇ ਲਗਾਤਾਰ ਫੈਲਣ ਕਾਰਨ ਮੌਕੇ ‘ਤੇ ਤਣਾਅ ਵਾਲਾ ਮਾਹੌਲ ਬਣ ਗਿਆ। ਜਿਸ ਤੋਂ ਬਾਅਦ ਰੂਪਨਗਰ ਨੰਗਲ ਅਤੇ ਨਜ਼ਦੀਕੀ ਫੈਕਟਰੀ ਅਲਟਰੈਕ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਅਤੇ ਪੁਲਿਸ ਪ੍ਰਸ਼ਾਸਨ ਦੇ ਨਾਲ-ਨਾਲ ਆਮ ਲੋਕਾਂ ਨੇ ਵੱਡੀ ਮੁਸ਼ੱਕਤ ਨਾਲ ਪਹਿਲਾਂ ਕੈਂਟਰ ਚਾਲਕ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਅਤੇ ਫਿਰ ਅੱਗ ‘ਤੇ ਕਾਬੂ ਪਾਇਆ।
ਮੌਕੇ ‘ਤੇ ਪਹੁੰਚੇ ਲੋਕਾਂ ਨੇ ਦੱਸਿਆ ਕਿ ਤੜਕੇ ਵਾਪਰੇ ਹਾਦਸੇ ਤੋਂ ਬਾਅਦ ਅੱਗ ਅਤੇ ਸਿਲੰਡਰ ਫਟਣ ਦਾ ਖਤਰਾ ਬਣਿਆ ਹੋਇਆ ਸੀ, ਜਿਸ ਤੋਂ ਬਾਅਦ ਪੁiਲਸ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਰਾਹਗੀਰਾਂ ਦੀ ਮਦਦ ਨਾਲ ਪਲਟ ਗਏ ਕੈਂਟਰ ਨੂੰ ਉਪਰ ਉਤਾਰਿਆ ਗਿਆ ਅਤੇ ਡਰਾਈਵਰ ਨੂੰ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ।
ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਦੀ ਲੱਤ ‘ਤੇ ਗੰਭੀਰ ਸੱਟਾਂ ਲੱਗੀਆਂ ਹਨ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਡਰਾਈਵਰ ਦੀ ਪਛਾਣ ਗਿਰੀਸ਼ ਦੂਬੇ ਪੁੱਤਰ ਕੈਲਾਸ਼ ਦੂਬੇ ਵਾਸੀ ਪ੍ਰਤਾਪਗੜ੍ਹ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਉਕਤ ਡਰਾਈਵਰ ਦਿੱਲੀ ਤੋਂ ਆਕਸੀਜਨ ਸਿਲੰਡਰ ਲੈ ਕੇ ਨੰਗਲ ਦੀ ਇੱਕ ਫੈਕਟਰੀ ਵਿੱਚ ਜਾ ਰਿਹਾ ਸੀ। ਫਿਲਹਾਲ ਇਨ੍ਹਾਂ ਸਿਲੰਡਰਾਂ ‘ਚ ਜ਼ਿਆਦਾ ਗੈਸ ਨਹੀਂ ਸੀ ਪਰ ਫਿਰ ਵੀ ਗੈਸ ਲੀਕ ਹੋਣ ਕਾਰਨ ਅੱਗ ਲੱਗ ਗਈ।