ਚੰਡੀਗੜ੍ਹ : ਡਿਪਟੀ ਕਮਿਸ਼ਨਰ ਨੇ ਅੱਜ ਨਗਰ ਨਿਗਮ ਦੇ (The Municipal Corporation) ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ ਕਰਵਾਉਣ ਦੇ ਹੁਕਮ ਜਾਰੀ ਕੀਤੇ ਸਨ। ਨਵੇਂ ਚੁਣੇ ਗਏ ਮੇਅਰ ਕੁਲਦੀਪ ਕੁਮਾਰ ਵਲੋਂ ਹਾਲੇ ਅਹੁਦਾ ਨਾ ਸੰਭਾਲਣ ਤੋਂ ਬਾਅਦ ਚਰਚਾ ਸ਼ੁਰੂ ਹੋ ਗਈ ਹੈ ਕਿ ਇਸ ਦਾ ਅਸਰ ਅੱਜ ਹੋਣ ਵਾਲੀਆਂ ਚੋਣਾਂ ‘ਤੇ ਪਵੇਗਾ ਜਾਂ ਨਹੀਂ। ਹਾਲਾਂਕਿ ਚੋਣਾਂ ਮੁਲਤਵੀ ਕਰਨ ਸਬੰਧੀ ਕਿਸੇ ਵੀ ਅਥਾਰਟੀ ਵਲੋਂ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਪਰ ਚਰਚਾ ਹੈ ਕਿ ਜੇ ਅੱਜ ਵੀ ਮੇਅਰ ਸ਼ਹਿਰ ’ਚ ਨਹੀਂ ਪਹੁੰਚੇ ਤਾਂ ਕੀ ਹੋਵੇਗਾ।
ਰਣਨੀਤੀ ਬਣਾਉਣ ’ਚ ਜੁਟੀਆਂ ਪਾਰਟੀਆਂ
ਭਾਜਪਾ ਅਤੇ ‘ਆਪ’-ਕਾਂਗਰਸ ਗਠਜੋੜ ਚੋਣਾਂ ਜਿੱਤਣ ਲਈ ਰਣਨੀਤੀ ਤਿਆਰ ਕਰਨ ’ਚ ਜੁਟੇ ਹੋਏ ਹਨ। ਨਿਗਮ ਦੇ ਮੌਜੂਦਾ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਜੇ ਸਭ ਕੁਝ ਠੀਕ-ਠਾਕ ਚਲਦਾ ਰਿਹਾ ਤੇ ਵੋਟਾਂ ਇੱਧਰ-ਉੱਧਰ ਨਾ ਖਿੱਲਰੀਆਂ ਤਾਂ ਇਨ੍ਹਾਂ ਚੋਣਾਂ ’ਚ ਭਾਜਪਾ ਦਾ ਹੀ ਪੱਲੜਾ ਭਾਰੀ ਨਜ਼ਰ ਆ ਰਿਹਾ ਹੈ।
ਨਵੀਆਂ ਚੋਣਾਂ ਹੋਣ ਤੱਕ ਭਾਜਪਾ ਦੇ ਕੁਲਜੀਤ ਸਿੰਘ ਸੰਧੂ ਅਤੇ ਰਜਿੰਦਰ ਸ਼ਰਮਾ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ‘ਤੇ ਕਾਬਜ਼ ਬਣੇ ਹੋਏ ਹਨ। 30 ਜਨਵਰੀ ਨੂੰ ਮੇਅਰ ਸਮੇਤ ਇਨ੍ਹਾਂ ਦੋਵਾਂ ਅਹੁਦਿਆਂ ਲਈ ਚੋਣ ਹੋਈ ਸੀ। ਮੇਅਰ ਦੇ ਚੋਣ ਨਤੀਜਿਆਂ ਤੋਂ ਬਾਅਦ ‘ਆਪ’-ਕਾਂਗਰਸ ਗਠਜੋੜ ਨੇ ਇਨ੍ਹਾਂ ਚੋਣਾਂ ਦਾ ਬਾਈਕਾਟ ਕਰ ਦਿੱਤਾ ਸੀ। ਗਠਜੋੜ ਦੇ ਮੇਅਰ ਉਮੀਦਵਾਰ ਕੁਲਦੀਪ ਕੁਮਾਰ ਨੇ ਪਹਿਲਾਂ ਹਾਈ ਕੋਰਟ ਅਤੇ ਫਿਰ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ।
ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ ’ਚ ਬਹੁਮਤ ਅਤੇ ਗਿਣਤੀ ਵਧਾਉਣ ਲਈ ਗਠਜੋੜ ਦੀਆਂ ਕੋਸ਼ਿਸ਼ਾਂ ਆਪਣੇ ਤਿੰਨ ਹਾਰੇ ਹੋਏ ਕੌਂਸਲਰਾਂ ਨੂੰ ਘਰ ਵਾਪਸੀ ਕਰਵਾਉਣ ਲਈ ਕੇਂਦਰਿਤ ਹੋ ਗਈਆਂ ਹਨ। ਇਸੇ ਤਰ੍ਹਾਂ ਭਾਜਪਾ ਵੀ ਤਿੰਨ ਕੌਂਸਲਰਾਂ ਨੂੰ ਨਿਸ਼ਾਨਾ ਬਣਾ ਕੇ ਵਿਰੋਧੀ ਧਿਰ ਵਿਚ ਜੋੜ-ਤੋੜ ਕਰਨ ਦੀ ਕੋਸ਼ਿਸ਼ ਕਰ ਸਕਦੀ ਹੈ।