ਚੰਡੀਗੜ੍ਹ: ਕਿਸਾਨ ਅੰਦੋਲਨ ਦੇ 30ਵੇਂ ਦਿਨ ਕਿਸਾਨ ਆਗੂ ਸਰਵਣ ਸਿੰਘ ਪੰਧੇਰ (Farmer Leader Sarwan Singh Pandher) ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਹੈ ਕਿ ਅੱਜ ਦੁਪਹਿਰ ਨੂੰ ਸ਼ੰਭੂ ਬਾਰਡਰ ਤੋਂ ਵੱਡਾ ਐਲਾਨ ਕੀਤਾ ਜਾਵੇਗਾ, ਜਿਸ ਨਾਲ ਪੰਜਾਬ ਅਤੇ ਦੇਸ਼ ਦੀ ਸਿਆਸਤ ਵਿਚ ਭੂਚਾਲ ਆ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਦੁਪਹਿਰ 3 ਵਜੇ ਸ਼ੰਭੂ ਬਾਰਡਰ ਤੇ ਪ੍ਰੈੱਸ ਕਾਨਫਰੰਸ ਕੀਤੀ ਜਾਵੇਗੀ।

ਇਸ ਸਬੰਧੀ ਜਾਰੀ ਵੀਡੀਓ ਸੰਦੇਸ਼ ਵਿਚ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਅੱਜ ਇਸ ਤਰ੍ਹਾਂ ਦਾ ਐਲਾਨ ਕਰਨ ਜਾ ਰਹੇ ਹਾਂ ਜਿਹੜਾ ਪੰਜਾਬ ਤੇ ਦੇਸ਼ ਦੀ ਸਿਆਸਤ ਵਿਚ ਭੂਚਾਲ ਲਿਆ ਦੇਵੇਗਾ ਤੇ ਭਾਜਪਾ ਗਠਜੋੜ ਨੂੰ ਕਿਸਾਨ ਮਜ਼ਦੂਰਾਂ ਦੀਆਂ ਮੰਗਾਂ ਮੰਨਣ ਲਈ ਮਜ਼ਬੂਰ ਕਰ ਦੇਵੇਗਾ।

ਉਨ੍ਹਾਂ ਕਿਹਾ ਕਿ ਸਾਡਾ ਮੋਰਚਾ 30ਵੇਂ ਦਿਨ ਅਤੇ ਮੋਦੀ ਸਰਕਾਰ ਵੱਲੋਂ ਕੀਤੀ ਗਈ ਬੈਰੀਕੇਡਿੰਗ 36ਵੇਂ ਦਿਨ ਵਿਚ ਦਾਖ਼ਲ ਹੋ ਗਈ ਹੈ। ਇਸ ਤਰ੍ਹਾਂ ਮੋਦੀ ਸਰਕਾਰ ਪੰਜਾਬ ਦੀ ਆਰਥਿਕਤਾ ਦਾ ਨੁਕਸਾਨ ਕਰ ਰਹੀ ਹੈ, ਹਰਿਆਣਾ ਨੂੰ ਖੁੱਲ੍ਹੀ ਜੇਲ੍ਹ ਬਣਾ ਕੇ ਰੱਖਿਆ ਹੋਇਆ ਹੈ, ਦਿੱਲੀ ਦੇ ਲੋਕਾਂ ਨੂੰ ਵੀ ਤੰਗ ਪਰੇਸ਼ਾਨ ਕੀਤਾ ਹੋਇਆ ਹੈ। ਇਸ ਦਾ ਹਿਸਾਬ ਦੇਸ਼ ਦੇ 140 ਕਰੋੜ ਲੋਕ ਲੈਣਗੇ।

ਕਿਸਾਨ ਅੰਦੋਲਨ ਕਾਰਨ ਲਿਆਂਦਾ CAA 
ਉਨ੍ਹਾਂ ਕਿਹਾ ਕਿ ਰੇਲ ਰੋਕੋ ਅੰਦੋਲਨ ਨੇ ਭਾਜਪਾ ਸਰਕਾਰ ਦੀ ਨੀਂਦ ਹਰਾਮ ਕੀਤੀ ਹੈ। ਇਸ ਅੰਦੋਲਨ ਦਾ ਸੇਕ ਮੋਦੀ ਸਰਕਾਰ ਨੂੰ ਲੱਗਿਆ, ਇਸ ਲਈ ਹੀ CAA ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਜੇ 400 ਸੀਟਾਂ ਜਿੱਤ ਹੀ ਰਹੇ ਸੀ ਤਾਂ ਅਚਾਨਕ ਇਸ ਦੀ ਲੋੜ ਕਿਉਂ ਪੈ ਗਈ।

ਇਸ ਲਈ ਹੁਣ ਯਤਨ ਕਰ ਰਹੇ ਹਨ ਕਿ ਹਿੰਦੂ-ਮੁਸਲਿਮ, ਹਿੰਦੂ-ਸਿੱਖਾਂ, ਸਵਰਨ ਜਾਤੀਆਂ ਤੇ ਦਲਿਤਾਂ ਦਾ ਰੌਲਾ ਪਵਾਇਆ ਜਾ ਸਕੇ। ਪਰ ਇਨ੍ਹਾਂ ਦੀ ਕੋਈ ਸੁਣਨ ਵਾਲਾ ਨਹੀਂ ਹੈ। ਬਾਰਡਰ ਤੇ ਲੱਗੇ ਮੋਰਚੇ ਮੋਦੀ ਸਰਕਾਰ ਦੇ ਗਲੇ ਦੀ ਹੱਡੀ ਬਣ ਗਏ ਹਨ। ਇਸੇ ਲਈ ਚੋਣ ਜ਼ਾਬਤਾ ਅੱਗੇ ਖਿੱਚਿਆ ਜਾ ਰਿਹਾ ਹੈ।

Leave a Reply