ਲੁਧਿਆਣਾ : ਪੰਜਾਬ ਦੇ ਲੁਧਿਆਣਾ ‘ਚ ਅੱਜ ਐਤਵਾਰ ਨੂੰ ਸਾਰੇ ਪੈਟਰੋਲ ਪੰਪ ਪੂਰਨ ਤੌਰ ‘ਤੇ ਬੰਦ ਰਹਿਣਗੇ। ਸਿਰਫ਼ ਐਮਰਜੈਂਸੀ ਸੇਵਾਵਾਂ ਹੀ ਚਾਲੂ ਰਹਿਣਗੀਆਂ। ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ (PPDA) ਨੇ ਕੇਂਦਰ ਸਰਕਾਰ ਵੱਲੋਂ ਕਮਿਸ਼ਨ ਵਿੱਚ ਵਾਧਾ ਨਾ ਕਰਨ ਦੇ ਵਿਰੋਧ ਵਿੱਚ ਅੱਜ ਪੰਪ ਬੰਦ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਫ਼ੈਸਲਾ ਕੀਤਾ ਹੈ ਕਿ ਆਪਣੇ ਖਰਚੇ ਘੱਟ ਕਰਨ ਲਈ ਉਹ ਹਰ ਐਤਵਾਰ ਪੈਟਰੋਲ ਪੰਪ ਬੰਦ ਰੱਖਣਗੇ। ਪੰਪ ਮਾਲਕਾਂ ਦਾ ਕਹਿਣਾ ਹੈ ਕਿ ਪਿਛਲੇ 7 ਸਾਲਾਂ ਤੋਂ ਉਨ੍ਹਾਂ ਦਾ ਕਮਿਸ਼ਨ ਨਹੀਂ ਵਧਾਇਆ ਗਿਆ। ਉਹ 2 ਫੀਸਦੀ ਕਮਿਸ਼ਨ ‘ਤੇ ਕੰਮ ਕਰ ਰਹੇ ਹਨ, ਜਦਕਿ ਉਨ੍ਹਾਂ ਦੀ ਮੰਗ ਹੈ ਕਿ 5 ਫੀਸਦੀ ਕਮਿਸ਼ਨ ਦਿੱਤਾ ਜਾਵੇ। ਐਸੋਸੀਏਸ਼ਨ ਵੱਲੋਂ 25 ਅਗਸਤ ਤੋਂ ਪੰਜਾਬ ਭਰ ਵਿੱਚ ਹਰ ਐਤਵਾਰ ਨੂੰ ਪੈਟਰੋਲ ਪੰਪ ਬੰਦ ਰੱਖਣ ਲਈ ਜ਼ਿਲ੍ਹਾ ਪੱਧਰ ’ਤੇ ਵੀ ਚਰਚਾ ਕੀਤੀ ਜਾ ਰਹੀ ਹੈ।
ਪ੍ਰਧਾਨ ਰਣਜੀਤ ਸਿੰਘ ਗਾਂਧੀ ਨੇ ਕਿਹਾ ਕਿ ਸਾਰੇ ਵਪਾਰੀਆਂ ਦਾ ਕਮਿਸ਼ਨ ਵਧ ਜਾਂਦਾ ਹੈ ਪਰ ਪੈਟਰੋਲ ਪੰਪ ਮਾਲਕਾਂ ਦਾ ਕਮਿਸ਼ਨ ਪਿਛਲੇ 7 ਸਾਲਾਂ ਤੋਂ ਨਹੀਂ ਵਧਾਇਆ ਗਿਆ। ਅੱਜ 80 ਰੁਪਏ ‘ਚ ਮਿਲਣ ਵਾਲੀ ਜਿਣਸ 120 ਰੁਪਏ ‘ਤੇ ਪਹੁੰਚ ਗਈ ਹੈ ਪਰ ਸਰਕਾਰ ਤੇਲ ਵੇਚਣ ਵਾਲਿਆਂ ਦਾ ਕਮਿਸ਼ਨ ਵਧਾਉਣ ‘ਤੇ ਚੁੱਪ ਹੈ।
ਫਿਲਹਾਲ ਖੰਨਾ ਤੋਂ ਫਿਲੌਰ ਤੱਕ ਦੇ ਪੈਟਰੋਲ ਪੰਪ ਅੱਜ ਬੰਦ ਰਹਿਣਗੇ। ਪੈਟਰੋਲ ਪੰਪ ਬੰਦ ਰੱਖਣ ਦੇ ਸਮਰਥਨ ਵਿੱਚ ਕਈ ਸ਼ਹਿਰਾਂ ਤੋਂ ਪੱਤਰ ਵੀ ਆ ਰਹੇ ਹਨ। ਪੈਟਰੋਲ ਪੰਪਾਂ ‘ਤੇ ਬੈਨਰ ਲਗਾਏ ਗਏ ਹਨ, ਤਾਂ ਜੋ ਲੋਕਾਂ ਨੂੰ ਵੀ ਪਤਾ ਲੱਗ ਸਕੇ ਕਿ ਪੈਟਰੋਲ ਪੰਪ ਮਾਲਕਾਂ ਦੀ ਹਾਲਤ ਕਿੰਨੀ ਮਾੜੀ ਹੈ। 5 ਮਹੀਨੇ ਪਹਿਲਾਂ ਵੀ ਪੈਟਰੋਲ ਪੰਪ ਮਾਲਕ ਤੇਲ ਨਾ ਖਰੀਦ ਕੇ ਹੜਤਾਲ ‘ਤੇ ਚਲੇ ਗਏ ਸਨ। ਉਸ ਸਮੇਂ ਕੇਂਦਰ ਸਰਕਾਰ ਨੇ ਭਰੋਸਾ ਦਿੱਤਾ ਸੀ ਕਿ ਚੋਣਾਂ ਤੋਂ ਬਾਅਦ ਉਨ੍ਹਾਂ ਦਾ ਕਮਿਸ਼ਨ ਵਧਾ ਦਿੱਤਾ ਜਾਵੇਗਾ, ਪਰ ਹੁਣ ਸਰਕਾਰ ਉਨ੍ਹਾਂ ਨੂੰ ਮੁੜ ਨਜ਼ਰਅੰਦਾਜ਼ ਕਰ ਰਹੀ ਹੈ।
ਗਾਂਧੀ ਨੇ ਕਿਹਾ ਕਿ ਹਫਤਾਵਾਰੀ ਛੁੱਟੀਆਂ ‘ਤੇ ਐਮਰਜੈਂਸੀ ਸੇਵਾਵਾਂ ਚਾਲੂ ਰਹਿਣਗੀਆਂ। ਐਂਬੂਲੈਂਸ ਅਤੇ ਸਰਕਾਰੀ ਵਾਹਨਾਂ ਨੂੰ ਪੈਟਰੋਲ ਜਾਂ ਡੀਜ਼ਲ ਦਿੱਤਾ ਜਾਵੇਗਾ। ਫਿਲਹਾਲ ਜ਼ਿਲ੍ਹਾ ਪੱਧਰ ‘ਤੇ ਮੀਟਿੰਗ ਕੀਤੀ ਗਈ ਹੈ। ਜਲਦ ਹੀ ਪੰਜਾਬ ਪੱਧਰ ਅਤੇ ਸੂਬਾ ਪੱਧਰ ‘ਤੇ ਮੀਟਿੰਗਾਂ ਕੀਤੀਆਂ ਜਾਣਗੀਆਂ, ਤਾਂ ਜੋ ਪੈਟਰੋਲ ਪੰਪ ਮਾਲਕਾਂ ਦਾ ਕਮਿਸ਼ਨ ਵਧਾਇਆ ਜਾ ਸਕੇ।