ਹਰਿਆਣਾ : ਬਿੱਗ ਬੌਸ ਓਟੀਟੀ-2 ਦੇ ਜੇਤੂ ਅਤੇ ਯੂਟਿਊਬਰ ਅਲਵਿਸ਼ ਯਾਦਵ (Alvish Yadav) ਦੀਆਂ ਮੁਸ਼ਕਿਲਾਂ ਖਤਮ ਹੋਣ ਦੇ ਕੋਈ ਸੰਕੇਤ ਨਜ਼ਰ ਨਹੀਂ ਆ ਰਹੇ ਹਨ। ਅਜਿਹਾ ਇਸ ਲਈ ਕਿਉਂਕਿ ਅਲਵਿਸ਼ ਯਾਦਵ ਦੇ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਇਸ ਵਿੱਚ ਹਰਿਆਣਵੀ ਗਾਇਕ ਫਾਜ਼ਿਲਪੁਰੀਆ ਦਾ ਨਾਮ ਵੀ ਸ਼ਾਮਲ ਹੈ।
ਦੱਸ ਦੇਈਏ ਕਿ ਗੁਰੂਗ੍ਰਾਮ ਪੁਲਿਸ ਨੇ ਅਲਵਿਸ਼ ਯਾਦਵ ਅਤੇ ਹਰਿਆਣਵੀ ਗਾਇਕ ਫਾਜ਼ਿਲਪੁਰੀਆ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਗੀਤ ‘ਚ ਸੱਪਾਂ ਪ੍ਰਤੀ ਬੇਰਹਿਮੀ ਦੇ ਮਾਮਲੇ ‘ਚ ਗੁਰੂਗ੍ਰਾਮ ਕੋਰਟ ਦੇ ਹੁਕਮਾਂ ‘ਤੇ ਪੁਲਸ ਨੇ ਇਹ ਕਾਰਵਾਈ ਕੀਤੀ ਹੈ। ਗੀਤ ਦੀ ਸ਼ੂਟਿੰਗ ਦੌਰਾਨ ਸੱਪਾਂ ‘ਤੇ ਜ਼ੁਲਮ ਕਰਨ ਦੇ ਦੋਸ਼ ‘ਚ ਅਦਾਲਤ ਦੇ ਹੁਕਮਾਂ ‘ਤੇ ਦੋਵਾਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਗਈ ਹੈ ।
ਜਾਣਕਾਰੀ ਅਨੁਸਾਰ ਦੋ ਦਿਨ ਪਹਿਲਾਂ ਅਦਾਲਤ ਨੇ ਪੀਪਲ ਫਾਰ ਐਨੀਮਲਜ਼ ਐਨਜੀਓ ਦੇ ਮੈਂਬਰ ਸ਼ਿਕਾਇਤਕਰਤਾ ਸੌਰਭ ਗੁਪਤਾ ਦੀ ਪਟੀਸ਼ਨ ’ਤੇ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਸਨ। ਇਸ ਪਟੀਸ਼ਨ ਵਿੱਚ ਦੋਸ਼ ਲਾਇਆ ਗਿਆ ਸੀ ਕਿ 32 ਬੋਰ ਦੇ ਗੀਤ ਦੀ ਸ਼ੂਟਿੰਗ ਦੌਰਾਨ ਦੁਰਲੱਭ ਪ੍ਰਜਾਤੀ ਦੇ ਸੱਪਾਂ ਦੀ ਗੈਰ-ਕਾਨੂੰਨੀ ਵਰਤੋਂ ਕੀਤੀ ਗਈ ਸੀ। ਨਾਲ ਹੀ ਉਨ੍ਹਾਂ ਨੂੰ ਗਲ ‘ਚ ਪਾ ਕੇ ਸ਼ੂਟਿੰਗ ਵੀ ਕੀਤੀ ਗਈ।