ਰੋਹਤਕ: ਹਰਿਆਣਾ ਦੇ ਰੋਹਤਕ ਜ਼ਿਲ੍ਹੇ ਵਿੱਚ ਹਰਿਆਣਵੀ ਗਾਇਕ ਅਮਿਤ ਸੈਣੀ ਰੋਹਤਕੀਆ (Haryana Singer Amit Saini Rohtakia) ਦੇ ਬੇਟੇ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਉਹ ਬੀਤੀ ਸ਼ਾਮ ਟਿਊਸ਼ਨ ਪੜ੍ਹ ਕੇ ਸਕੂਟੀ ‘ਤੇ ਆਪਣੇ ਚਾਚੇ ਨਾਲ ਘਰ ਪਰਤ ਰਿਹਾ ਸੀ। ਰਸਤੇ ਵਿੱਚ ਸਕੂਟੀ ਇੱਕ ਪਿਕਅੱਪ ਨਾਲ ਟਕਰਾ ਗਈ। ਮ੍ਰਿਤਕ ਬੱਚੇ ਦੀ ਪਛਾਣ 9 ਸਾਲਾ ਮੰਨਤ ਵਜੋਂ ਹੋਈ ਹੈ। ਪੁਲਿਸ ਨੇ ਬੱਚੇ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਸੀ ਅਤੇ ਅੱਜ ਉਸ ਦਾ ਪੋਸਟਮਾਰਟਮ ਹੋ ਰਿਹਾ ਹੈ।

ਜਾਣਕਾਰੀ ਮੁਤਾਬਕ ਰੋਹਤਕ ਦੇ ਅਸ਼ੋਕ ਵਿਹਾਰ ਦੇ ਰਹਿਣ ਵਾਲੇ ਸਾਹਿਲ ਨੇ ਸ਼ਿਕਾਇਤ ‘ਚ ਦੱਸਿਆ ਕਿ ਉਸ ਦੇ ਵੱਡੇ ਭਰਾ ਅਮਿਤ ਸੈਣੀ ਦੇ ਦੋ ਬੱਚੇ ਹਨ। ਵੱਡੇ ਪੁੱਤਰ ਦਾ ਨਾਮ ਮੰਨਤ ਹੈ ਅਤੇ ਛੋਟਾ ਪੁੱਤਰ ਯਮਨ ਹੈ। ਬੀਤੀ ਸ਼ਾਮ ਉਸ ਦਾ ਭਤੀਜਾ ਮੰਨਤ ਟਿਊਸ਼ਨ ਲਈ ਗਿਆ ਸੀ। ਟਿਊਸ਼ਨ ਤੋਂ ਬਾਅਦ ਉਹ ਆਪਣੇ ਭਤੀਜੇ ਨੂੰ ਸੁਖਪੁਰਾ ਚੌਕ ਤੋਂ ਆਪਣੀ ਸਕੂਟੀ ‘ਤੇ ਘਰ ਲੈ ਕੇ ਆ ਰਿਹਾ ਸੀ। ਉਦੋਂ ਹੀ ਇੱਕ ਪਿੱਕਅੱਪ ਗੱਡੀ ਅੱਗੇ ਜਾ ਰਹੀ ਸੀ। ਡਰਾਈਵਰ ਪਿਕਅੱਪ ਨੂੰ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਚਲਾ ਰਿਹਾ ਸੀ।

ਇਸ ਦੌਰਾਨ ਡਰਾਈਵਰ ਨੇ ਪਿਕਅੱਪ ਨੂੰ ਹੌਲੀ ਕਰ ਦਿੱਤਾ ਅਤੇ ਅਚਾਨਕ ਉਸ ਵੱਲ ਮੋੜ ਲਿਆ। ਉਸ ਨੇ ਬਚਣ ਲਈ ਸਕੂਟੀ ਦੀ ਬ੍ਰੇਕ ਵੀ ਲਗਾਈ ਪਰ ਸਕੂਟੀ ਪਿਕਅੱਪ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ। ਹਾਦਸੇ ਤੋਂ ਬਾਅਦ ਦੋਵੇਂ ਹੇਠਾਂ ਡਿੱਗ ਗਏ। ਉਸ ਨੂੰ ਮਾਮੂਲੀ ਸੱਟਾਂ ਲੱਗੀਆਂ। ਜਦੋਂ ਕਿ ਭਤੀਜੇ ਮੰਨਤ ਦੇ ਸਿਰ ‘ਤੇ ਡੂੰਘੀ ਸੱਟ ਸੀ ਅਤੇ ਖੂਨ ਨਿਕਲ ਰਿਹਾ ਸੀ। ਹਾਦਸੇ ਤੋਂ ਬਾਅਦ ਪਿਕਅੱਪ ਚਾਲਕ ਗੱਡੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਜ਼ਖਮੀ ਮੰਨਤ ਨੂੰ ਇਲਾਜ ਲਈ ਰੋਹਤਕ ਪੀਜੀਆਈ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

Leave a Reply