ਮੁੰਬਈ : ਮੁੰਬਈ ਦੇ ਵੀਰਾ ਦੇਸਾਈ ਰੋਡ ‘ਤੇ ਅਭਿਨੇਤਾ ਅਨੁਪਮ ਖੇਰ (Anupam Kher) ਦੇ ਦਫ਼ਤਰ ‘ਚ ਚੋਰੀ ਹੋਈ ਸੀ। ਦੋ ਚੋਰਾਂ ਨੇ ਦਰਵਾਜ਼ਾ ਤੋੜ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਅਭਿਨੇਤਾ ਨੇ ਵੀਡੀਓ ਦੇ ਜ਼ਰੀਏ ਇਹ ਜਾਣਕਾਰੀ ਪ੍ਰਸ਼ੰਸਕਾਂ ਨਾਲ ਵੀ ਸਾਂਝੀ ਕੀਤੀ ਸੀ। ਹੁਣ ਪੁਲਿਸ ਨੇ ਇਸ ਮਾਮਲੇ ਵਿੱਚ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਚੋਰਾਂ ਨੇ ਨਾ ਸਿਰਫ ਅਨੁਪਮ ਦੇ ਦਫ਼ਤਰ ‘ਚ ਤੋੜ-ਭੰਨ ਕੀਤੀ ਸਗੋਂ ਉਨ੍ਹਾਂ ਦੀ ਫਿਲਮ ਦੇ ਨੈਗੇਟਿਵ ਵੀ ਚੋਰੀ ਕਰ ਲਏ। ਇਸ ਤੋਂ ਬਾਅਦ ਅਦਾਕਾਰ ਨੇ ਸ਼ਿਕਾਇਤ ਦਰਜ ਕਰਵਾਈ। ਮੁੰਬਈ ਪੁਲਿਸ ਨੇ ਚੋਰੀ ਦੇ ਸਬੰਧ ਵਿੱਚ ਦੋ ਵਿਅਕਤੀਆਂ, ਮਾਜਿਦ ਸ਼ੇਖ ਅਤੇ ਮੁਹੰਮਦ ਦਲੇਰ ਬਹਿਰੀਮ ਖਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ‘ਚ ਚੋਰੀਆਂ ਕਰਦੇ ਹਨ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਚੋਰਾਂ ਨੇ ਤਾਲਾ ਤੋੜ ਕੇ 4 ਲੱਖ 15 ਹਜ਼ਾਰ ਰੁਪਏ ਚੋਰੀ ਕਰ ਲਏ। ਅਨੁਪਮ ਨੇ ਦੱਸਿਆ, ‘ਚੋਰਾਂ ਨੇ ਜੋ ਰੀਲ ਚੋਰੀ ਕੀਤੀ, ਉਹ ਬੈਗ ‘ਚ ਸੀ। ਚੋਰਾਂ ਨੇ ਸੋਚਿਆ ਕਿ ਬੈਗ ਵਿੱਚ ਪੈਸੇ ਹੋਣਗੇ। ਉਹ ਫਿਲਮ ‘ਮੈਂ ਗਾਂਧੀ ਨੂੰ ਕਿਉਂ ਮਾਰਿਆ?’ ਦੀਆਂ ਰੀਲਾਂ ਸਨ। ਇਹ ਇੱਕ ਪੁਰਾਣੀ ਇਮਾਰਤ ਹੈ, ਜਿਸ ਵਿੱਚ ਕੁਝ ਹੀ ਸੀ.ਸੀ.ਟੀ.ਵੀ ਕੈਮਰੇ ਲੱਗੇ ਹੋਏ ਹਨ। ਅੰਬੋਲੀ ਪੁਲਿਸ ਨੇ ਮੈਨੂੰ ਭਰੋਸਾ ਦਿੱਤਾ ਹੈ ਕਿ ਉਹ ਉਨ੍ਹਾਂ ਦਾ ਪਤਾ ਲਗਾ ਲਵੇਗੀ।

Leave a Reply