ਅਦਾਕਾਰ ਗੋਵਿੰਦਾ ਨੇ ਪ੍ਰਸ਼ੰਸਕਾਂ ਨੂੰ ਆਪਣੀ ਸਿਹਤ ਬਾਰੇ ਦਿੱਤੀ ਅਪਡੇਟ, ਜਾਰੀ ਕੀਤਾ ਇੱਕ ਆਡੀਓ ਬਿਆਨ
By admin / October 1, 2024 / No Comments / Punjabi News
ਮੁੰਬਈ : ਬਾਲੀਵੁੱਡ ਅਦਾਕਾਰ ਗੋਵਿੰਦਾ (Bollywood Actor Govinda) ਨੂੰ ਲੈ ਕੇ ਅੱਜ ਸਵੇਰੇ ਇਕ ਬਹੁਤ ਹੀ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਗੋਵਿੰਦਾ ਨੂੰ ਗੋਲੀ ਲੱਗ ਗਈ ਹੈ ਇਹ ਘਟਨਾ ਸਵੇਰੇ ਕਰੀਬ 5 ਵਜੇ ਵਾਪਰੀ ਹੈ। ਗੋਵਿੰਦਾ ਸਵੇਰੇ ਕੋਲਕਾਤਾ ਜਾਣ ਲਈ ਨਿਕਲ ਰਹੇ ਸੀ ਉਦੋਂ ਇਹ ਹਾਦਸਾ ਵਾਪਰਿਆ। ਅਦਾਕਾਰ ਦੇ ਪੈਰ ‘ਤੇ ਗੋਲੀ ਲੱਗੀ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਆਪਣੇ ਲਾਇਸੈਂਸੀ ਰਿਵਾਲਵਰ ਨੂੰ ਸਾਫ਼ ਕਰ ਰਹੇ ਸੀ ਜਦੋਂ ਇਹ ਗਲਤ ਫਾਇਰ ਹੋ ਗਿਆ।
ਅਦਾਕਾਰ ਨੂੰ ਤੁਰੰਤ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਗੋਵਿੰਦਾ ਦਾ ਇਲਾਜ ਆਈ.ਸੀ.ਯੂ ਵਿੱਚ ਚੱਲ ਰਿਹਾ ਹੈ। ਹੁਣ ਅਦਾਕਾਰ ਦੀ ਹਾਲਤ ਸਥਿਰ ਹੈ। ਇਸ ਖ਼ਬਰ ਨੇ ਗੋਵਿੰਦਾ ਦੇ ਪ੍ਰਸ਼ੰਸਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ। ਹੁਣ ਗੋਵਿੰਦਾ ਨੇ ਪ੍ਰਸ਼ੰਸਕਾਂ ਨੂੰ ਆਪਣੀ ਸਿਹਤ ਬਾਰੇ ਅਪਡੇਟ ਦਿੱਤੀ ਹੈ। ਉਨ੍ਹਾਂ ਨੇ ਇੱਕ ਆਡੀਓ ਬਿਆਨ ਜਾਰੀ ਕੀਤਾ ਹੈ।
ਗੋਵਿੰਦਾ ਕਹਿੰਦੇ ਹਨ- ‘ਹੈਲੋ, ਨਮਸਕਾਰ, ਮੈਂ ਗੋਵਿੰਦਾ ਹਾਂ। ਆਪ ਸਭ ਦੇ ਅਸ਼ੀਰਵਾਦ, ਮਾਤਾ ਪਿਤਾ ਦੇ ਆਸ਼ੀਰਵਾਦ ਅਤੇ ਗੁਰੂ ਦੀ ਕਿਰਪਾ ਸਦਕਾ ਇੱਕ ਗੋਲੀ ਲੱਗੀ ਸੀ ਪਰ ਹੁਣ ਗੋਲੀ ਨਿਕਾਲ ਦਿੱਤੀ ਗਈ ਹੈ। ਮੈਂ ਇੱਥੇ ਸਤਿਕਾਰਯੋਗ ਡਾਕਟਰ ਅਗਰਵਾਲ ਜੀ ਦਾ ਧੰਨਵਾਦ ਕਰਦਾ ਹਾਂ। ਅਤੇ ਤੁਹਾਡੀਆਂ ਸਭ ਲੋਕਾਂ ਦੀਆਂ ਪ੍ਰਾਰਥਨਾਵਾਂ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਨਮਸਕਾਰ।’
ਇਸ ਤੋਂ ਪਹਿਲਾਂ ਗੋਵਿੰਦਾ ਦੇ ਮੈਨੇਜਰ ਸ਼ਸ਼ੀ ਸਿਨਹਾ ਨੇ ਦੱਸਿਆ ਕਿ ਅਦਾਕਾਰ ਅਤੇ ਸ਼ਿਵ ਸੈਨਾ ਨੇਤਾ ਗੋਵਿੰਦਾ ਕੋਲਕਾਤਾ ਜਾਣ ਦੀ ਤਿਆਰੀ ਕਰ ਰਹੇ ਹਨ। ਉਹ ਕੇਸ ਵਿੱਚ ਆਪਣਾ ਲਾਇਸੈਂਸੀ ਰਿਵਾਲਵਰ ਰੱਖ ਰਹੇ ਸੀ, ਜਦੋਂ ਗਲਤੀ ਨਾਲ ਉਨ੍ਹਾਂ ਦੇ ਹੱਥ ਵਿੱਚੋਂ ਰਿਵਾਲਵਰ ਤਿਲਕ ਗਈ ਅਤੇ ਗੋਲੀ ਚੱਲ ਗਈ ਜੋ ਉਨ੍ਹਾਂ ਦੇ ਪੈਰ ਵਿੱਚ ਲੱਗੀ। ਡਾਕਟਰ ਨੇ ਗੋਲੀ ਕੱਢ ਦਿੱਤੀ ਹੈ ਅਤੇ ਉਨ੍ਹਾਂ ਦਾ ਆਈ.ਸੀ.ਯੂ ਵਿੱਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਗੋਵਿੰਦਾ ਜੀ ਹੁਣ ਖਤਰੇ ਤੋਂ ਬਾਹਰ ਹਨ। ਪੁਲਿਸ ਨੇ ਅਦਾਕਾਰ ਦਾ ਲਾਇਸੈਂਸੀ ਰਿਵਾਲਵਰ ਜ਼ਬਤ ਕਰ ਲਿਆ ਹੈ। ਫਿਲਹਾਲ ਉਨ੍ਹਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਹੈ।