ਮੁੰਬਈ : ਟੀ. ਵੀ. ਅਦਾਕਾਰਾ ਡੌਲੀ ਸੋਹੀ (T. V Actress Dolly Sohi) ਦਾ ਸਰਵਾਈਕਲ ਕੈਂਸਰ (Cervical Cancer) ਕਾਰਨ ਅੱਜ ਸਵੇਰੇ ਦਿਹਾਂਤ ਹੋ ਗਿਆ ਹੈ। ਉਹ ਪਿਛਲੇ ਇੱਕ ਸਾਲ ਤੋਂ ਸਰਵਾਈਕਲ ਕੈਂਸਰ ਨਾਲ ਜੂਝ ਰਹੇ ਸਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਡੌਲੀ ਦੀ ਭੈਣ ਅਮਨਦੀਪ ਸੋਹੀ ਦਾ ਵੀ ਬੀਤੀ ਰਾਤ ਦਿਹਾਂਤ ਹੋਇਆ ਸੀ। ਅਮਨਦੀਪ ਦੀ ਮੌਤ ਤੋਂ ਕੁਝ ਘੰਟੇ ਬਾਅਦ ਹੀ ਡੌਲੀ ਸੋਹੀ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਦੱਸ ਦਈਏ ਕਿ ਡੌਲੀ ਸਰਵਾਈਕਲ ਕੈਂਸਰ ਨਾਲ ਜੂਝ ਰਹੀ ਸੀ ਜਦਕਿ ਅਮਨਦੀਪ ਪੀਲੀਆ ਨਾਲ ਜੂਝ ਰਹੀ ਸੀ।

ਪਰਿਵਾਰ ਨੇ ਕੀਤੀ ਮੌਤ ਦੀ ਪੁਸ਼ਟੀ
ਡੌਲੀ ਸੋਹੀ ਦੇ ਪਰਿਵਾਰ ਨੇ ਕਿਹਾ, ”ਸਾਡੀ ਪਿਆਰੀ ਡੌਲੀ ਅੱਜ ਸਵੇਰੇ ਆਪਣੇ ਸਵਰਗੀ ਨਿਵਾਸ ਲਈ ਰਵਾਨਾ ਹੋ ਗਈ ਹੈ। ਅਸੀਂ ਸਦਮੇ ‘ਚ ਹਾਂ। ਅੱਜ ਬਾਅਦ ਦੁਪਹਿਰ ਅੰਤਿਮ ਸੰਸਕਾਰ ਕੀਤਾ ਜਾਵੇਗਾ।” ਉਨ੍ਹਾਂ ਨੇ ‘ਦੇਵੌ ਕੇ ਦੇਵ ਮਹਾਂਦੇਵ,ਹਿਟਲਰ ਦੀਦੀ ਵਰਗੇ ਸ਼ੋਅਜ਼ ਵਿੱਚ ਕੰਮ ਕੀਤਾ ਸੀ।

ਇਸ ਕਾਰਨ ਹੋਈ ਦੋਵਾਂ ਭੈਣਾਂ ਦੀ ਮੌਤ
ਦੱਸ ਦੇਈਏ ਕਿ ਅਮਨਦੀਪ ਸੋਹੀ ਦਾ ਬੀਤੇ ਦਿਨ ਦਿਹਾਂਤ ਹੋਇਆ ਸੀ। ਅਭਿਨੇਤਰੀ ਨੂੰ ‘ਬਦਤਮੀਜ਼ ਦਿਲ’ ‘ਚ ਆਪਣੀ ਭੂਮਿਕਾ ਲਈ ਕਾਫੀ ਪ੍ਰਸਿੱਧੀ ਮਿਲੀ ਸੀ। ਰਿਪੋਰਟ ਅਨੁਸਾਰ, ਮਰਹੂਮ ਅਦਾਕਾਰਾ ਦੇ ਭਰਾ ਮਨੂ ਸੋਹੀ ਨੇ ਦੱਸਿਆ ਕਿ ਪੀਲੀਆ ਤੋਂ ਪੀੜਤ ਅਮਨਦੀਪ ਦੀ ਮੌਤ ਹੋ ਗਈ। ਉਸ ਨੇ ਕਿਹਾ, ”ਹਾਂ, ਇਹ ਸੱਚ ਹੈ ਕਿ ਅਮਨਦੀਪ ਹੁਣ ਨਹੀਂ ਰਹੀ।” ਰਿਪੋਰਟ ਮੁਤਾਬਕ, ਇਸ ਦੌਰਾਨ ਮਨੂ ਨੇ ਇਹ ਵੀ ਕਿਹਾ ਸੀ ਕਿ ਡੌਲੀ ਦੀ ਹਾਲਤ ਗੰਭੀਰ ਨਹੀਂ ਹੈ ਪਰ ਉਸ ਨੂੰ ਹਸਪਤਾਲ ‘ਚ ਆਰਾਮ ਕਰਨ ਲਈ ਕਿਹਾ ਗਿਆ ਹੈ। ਹਾਲਾਂਕਿ ਅੱਜ ਸਵੇਰੇ ਡੌਲੀ ਦੀ ਵੀ ਮੌਤ ਹੋ ਗਈ ਹੈ । ਡੌਲੀ ਨੂੰ ਪਿਛਲੇ ਸਾਲ ਹੀ ਸਰਵਾਈਕਲ ਕੈਂਸਰ ਦਾ ਪਤਾ ਲੱਗਿਆ ਸੀ।

ਸਾਹ ਲੈਣ ‘ਚ ਹੋ ਰਹੀ ਸੀ ਤਕਲੀਫ
ਦੱਸਿਆ ਜਾ ਰਿਹਾ ਹੈ ਕਿ ਅਦਾਕਰਾ ਡੌਲੀ ਸੋਹੀ ਨੂੰ ਹੁਣ ਸਾਹ ਲੈਣ ‘ਚ ਤਕਲੀਫ ਹੋਣ ਲੱਗੀ ਸੀ। ਇਹ ਸਭ ਹੁੰਦਾ ਵੇਖ ਪਰਿਵਾਰ ਨੇ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾ ਦਿੱਤਾ ਸੀ। ਇਲਾਜ ਦੌਰਾਨ ਉਨ੍ਹਾਂ ‘ਚ ਸੁਧਾਰ ਹੋ ਰਿਹਾ ਸੀ। ਸਿਹਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਸ਼ੋਅ ‘ਝਨਕ’ ਵੀ ਛੱਡਣਾ ਪਿਆ ਕਿਉਂਕਿ ਉਹ ਕੀਮੋਥੈਰੇਪੀ ਲੈਣ ਤੋਂ ਬਾਅਦ ਲੰਬੇ ਸਮੇਂ ਤੱਕ ਸ਼ੂਟਿੰਗ ਨਹੀਂ ਕਰ ਪਾਉਂਦੇ ਸਨ। ਡੌਲੀ ਲਗਭਗ 2 ਦਹਾਕਿਆਂ ਦੇ ਆਪਣੇ ਕਰੀਅਰ ‘ਚ ਕਈ ਟੀਵੀ ਸ਼ੋਅਜ਼ ਦਾ ਹਿੱਸਾ ਰਹੇ ਸਨ। ਉਨ੍ਹਾਂ ਦਾ ਵਿਆਹ ਕੈਨੇਡਾ ਸਥਿਤ NRI ਅਵਨੀਤ ਧਨੋਆ ਨਾਲ ਹੋਇਆ ਸੀ।

Leave a Reply