ਬਰਨਾਲਾ: ਅਕਾਲੀ ਆਗੂ ਅਤੇ ਕਾਲਾ ਮਹਿਰ ਸਟੇਡੀਅਮ ਦੇ ਸਾਬਕਾ ਪ੍ਰਧਾਨ ਕੁਲਵੀਰ ਸਿੰਘ ਮਾਨ (Kulveer Singh Mann) ਵੱਲੋਂ ਆਪਣੀ ਧੀ, ਮਾਂ ਅਤੇ ਪਾਲਤੂ ਕੁੱਤੇ ਨੂੰ ਮਾਰਨ ਤੋਂ ਬਾਅਦ ਖੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਡੀ.ਐਸ.ਪੀ. ਥਾਣਾ ਸਿਟੀ ਬਰਨਾਲਾ ਦੇ ਇੰਚਾਰਜ ਸਤਬੀਰ ਸਿੰਘ ਅਤੇ ਬਲਜੀਤ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਕੁਲਵੀਰ ਸਿੰਘ ਮਾਨ ਪਿਛਲੇ ਕਾਫੀ ਸਮੇਂ ਤੋਂ ਡਿਪਰੈਸ਼ਨ ਵਿਚ ਰਹਿ ਰਹੇ ਸਨ। ਉਹ ਰਾਮਰਾਜ ਕਲੋਨੀ ਵਿੱਚ ਰਹਿੰਦੇ ਸਨ ਅਤੇ ਉਨ੍ਹਾਂ ਦੀ ਪਤਨੀ ਰਮਨਦੀਪ ਕੌਰ ਦੁੱਧ ਲੈਣ ਗਈ ਹੋਈ ਸੀ। ਪਤਨੀ ਦੇ ਘਰੋਂ ਚਲੇ ਜਾਣ ਤੋਂ ਬਾਅਦ ਕੁਲਵੀਰ ਨੇ ਆਪਣੇ ਘਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਅਤੇ ਆਪਣੀ ਧੀ ਨਿਮਰਤ ਅਤੇ ਫਿਰ ਆਪਣੀ ਮਾਂ ਬਲਵੰਤ ਕੌਰ ਨੂੰ ਆਪਣੇ ਲਾਇਸੰਸੀ ਰਿਵਾਲਵਰ ਨਾਲ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੇ ਘਰ ਦੇ ਪਾਲਤੂ ਕੁੱਤੇ ਨੂੰ ਵੀ ਗੋਲੀ ਮਾਰ ਦਿੱਤੀ। ਬਾਅਦ ‘ਚ ਉਨ੍ਹਾਂ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।

ਜਦੋਂ ਉਨ੍ਹਾਂ ਦੀ ਪਤਨੀ ਰਮਨਦੀਪ ਕੌਰ ਘਰ ਆਈ ਤਾਂ ਦਰਵਾਜ਼ੇ ਅੰਦਰੋਂ ਬੰਦ ਸਨ। ਜਦੋਂ ਗੁਆਂਢੀ ਅਤੇ ਉਨ੍ਹਾਂ ਦੀ ਪਤਨੀ  ਦਰਵਾਜ਼ਾ ਤੋੜ ਕੇ ਘਰ ਅੰਦਰ ਦਾਖਲ ਹੋਏ ਤਾਂ ਤਿੰਨਾਂ ਦੀਆਂ ਲਾਸ਼ਾਂ ਵੱਖ-ਵੱਖ ਕਮਰਿਆਂ ‘ਚ ਪਈਆਂ ਮਿਲੀਆਂ। ਫਿਲਹਾਲ ਕੁਲਵੀਰ ਨੇ ਇਸ ਵਾਰਦਾਤ ਨੂੰ ਕਿਉਂ ਅੰਜਾਮ ਦਿੱਤਾ, ਇਸ ਸਬੰਧੀ ਅਜੇ ਤੱਕ ਪੁਖਤਾ ਜਾਣਕਾਰੀ ਨਹੀਂ ਮਿਲ ਸਕੀ ਹੈ। ਥਾਣਾ ਸਦਰ ਦੇ ਇੰਚਾਰਜ ਬਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

Leave a Reply