ਹੈਲਥ ਨਿਊਜ਼: ਫਲ ਸਾਡੇ ਲਈ ਬਹੁਤ ਜਰੂਰੀ ਹਨ।ਗੱਲ ਕਰੀਏ ਅੰਗੂਰਾਂ ਦੀ ਤਾਂ ਕਾਲੇ ਅੰਗੂਰ (Black Grapes) ਹਰੇ ਅੰਗੂਰਾਂ ਨਾਲੋਂ ਵਧੇਰੇ ਚੰਗੇ ਹੁੰਦੇ ਹਨ। ਇਨ੍ਹਾਂ ਵਿਚ ਹਰੇ ਅੰਗੂਰਾਂ ਦੇ ਮੁਕਾਬਲੇ ਵੱਧ ਐਂਟੀਆਕਸੀਡੈਂਟ ਤੱਤ ਮੌਜੂਦ ਹੁੰਦੇ ਹਨ। ਕਾਲੇ ਅੰਗੂਰ ਸਾਡੀ ਸਮੁੱਚੀ ਸਿਹਤ ਉੱਤੇ ਚੰਗਾ ਪ੍ਰਭਾਵ ਪਾਉਂਦੇ ਹਨ। ਇਹ ਗੰਭੀਰ ਬਿਮਾਰੀਆਂ ਜਿਵੇਂ ਕਿ ਸ਼ੂਗਰ, ਕੈਂਸਰ ਤੇ ਦਿਲ ਦੀਆਂ ਸਮੱਸਿਆਵਾਂ ਦੇ ਖ਼ਤਰੇ ਨੂੰ ਘੱਟ ਕਰਦੇ ਹਨ। ਇਸ ਲਈ ਸਾਨੂੰ ਹਰੇ ਅੰਗੂਰਾਂ ਦੀ ਬਜਾਏ ਕਾਲੇ ਅੰਗੂਰਾਂ ਦਾ ਸੇਵਨ ਵਧੇਰੇ ਕਰਨਾ ਚਾਹੀਦਾ ਹੈ।ਆਉ ਜਾਣਦੇ ਹਾਂ ਕਾਲੇ ਅੰਗੂਰ ਖਾਣ ਦੇ ਫ਼ਾਇਦਿਆਂ ਬਾਰੇ
ਕਾਲੇ ਅੰਗੂਰਾਂ ਵਿਚ ਲਗਭਗ 82 ਫ਼ੀ ਸਦੀ ਪਾਣੀ ਹੁੰਦਾ ਹੈ। ਕਾਲੇ ਅੰਗੂਰਾਂ ਵਿਚ ਪੋਟਾਸ਼ੀਅਮ, ਮੈਂਗਨੀਜ਼, ਵਿਟਾਮਿਨ ਸੀ, ਵਿਟਾਮਿਨ ਕੇ, ਕਾਪਰ, ਫ਼ਾਸਫ਼ੋਰਸ, ਮੈਗਨੀਸ਼ੀਅਮ, ਕਾਰਬੋਹਾਈਡਰੇਟ ਆਦਿ ਤੱਤ ਮੌਜੂਦ ਹੁੰਦੇ ਹਨ। ਇਸ ਨਾਲ ਹੀ ਇਨ੍ਹਾਂ ਵਿਚ ਕੈਲੋਰੀ ਦੀ ਮਾਤਰਾਂ ਵੀ ਬਹੁਤ ਘੱਟ ਹੁੰਦੀ ਹੈ। ਕਾਲੇ ਅੰਗੂਰਾਂ ਵਿਚ ਸਾਨੂੰ ਲੋੜੀਂਦੇ ਪੌਸ਼ਕ ਤੱਤਾਂ ਦੀ ਭਰਪੂਰ ਮਾਤਰਾਂ ਮਿਲ ਜਾਂਦੀ ਹੈ। ਇਹ ਸਰੀਰ ਦੀ ਇਮਿਊਨਿਟੀ ਨੂੰ ਮਜ਼ਬੂਤ ਕਰਦੇ ਹਨ। ਚੰਗੀ ਇਮਿਊਨਿਟੀ ਕਰ ਕੇ ਬਹੁਤ ਸਾਰੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਹੋ ਜਾਂਦਾ ਹੈ।
ਕਾਲੇ ਅੰਗੂਰਾਂ ਵਿਚ ਐਂਟੀਆਕਸੀਡੈਂਟ ਗੁਣ ਮੋਜੂਦ ਹੁੰਦੇ ਹਨ ਜੋ ਦਿਲ ਲਈ ਬਹੁਤ ਫ਼ਾਇਦੇਮੰਦ ਹਨ। ਇਨ੍ਹਾਂ ਦੇ ਸੇਵਨ ਨਾਲ ਬਲੱਡ ਪ੍ਰੈਸ਼ਰ, ਕੈਲੇਸਟਰੋਲ ਦਾ ਪੱਧਰ ਕੰਟਰੋਲ ਰਹਿੰਦਾ ਹੈ ਅਤੇ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ। ਕਈ ਤਰ੍ਹਾਂ ਦੇ ਅਧਿਐਨਾਂ ਵਿਚ ਮਿਲਿਆ ਹੈ ਕਿ ਕਾਲੇ ਅੰਗੂਰ ਖਾਣ ਨਾਲ ਕੈਂਸਰ ਦਾ ਖ਼ਤਰਾ ਘੱਟ ਹੁੰਦਾ ਹੇੈ। ਸ਼ੂਗਰ ਦੇ ਮਰੀਜ਼ਾਂ ਲਈ ਵੀ ਕਾਲੇ ਅੰਗੂਰਾਂ ਨੂੰ ਚੰਗਾ ਮੰਨਿਆ ਜਾਂਦਾ ਹੈ। ਇਨ੍ਹਾਂ ਵਿਚ ਐਂਟੀ-ਡਾਇਬੀਟਿਕ ਤੱਤ ਮੌਜੂਦ ਹੁੰਦੇ ਹਨ, ਜੋ ਕਿ ਖ਼ੂਨ ਵਿਚ ਸ਼ੂਗਰ ਦੇ ਪੱਧਰ ਨੂੰ ਨਿਯਮਿਤ ਰਖਦੇ ਹਨ ਅਤੇ ਇਹ ਸਰੀਰ ਵਿਚ ਇਨਸੁਲਿਨ ਦਾ ਪੱਧਰ ਵੀ ਨਹੀਂ ਵਧਣ ਦਿੰਦੇ।
ਕਾਲੇ ਅੰਗੂਰਾਂ ਦਾ ਸੇਵਨ ਅੱਖਾਂ ਲਈ ਵੀ ਬਹੁਤ ਫ਼ਇਦੇਮੰਦ ਹੈ। ਇਨ੍ਹਾਂ ਦੇ ਸੇਵਨ ਨਾਲ ਨਜ਼ਰ ਦੀਆਂ ਸਮੱਸਿਆਵਾਂ ਘੱਟ ਹੋਣਗੀਆਂ। ਕਮਜ਼ੋਰ ਨਜ਼ਰ ਦੀ ਸਮੱਸਿਆ ਦੂਰ ਹੋਵੇਗੀ ਅਤੇ ਅੱਖਾਂ ਦੀ ਰੌਸ਼ਨੀ ਵਿਚ ਸੁਧਾਰ ਆਵੇਗਾ।ਅੱਜ ਕੱਲ੍ਹ ਮਾਈਗ੍ਰੇਨ ਦੀ ਸਮੱਸਿਆ ਬਹੁਤ ਵੱਧ ਗਈ ਹੈ ਇਸ ਵਿੱਚ ਕਾਲੇ ਅੰਗੂਰ ਦਾ ਸੇਵਨ ਬਹੁਤ ਫਾਇਦੇਮੰਦ ਹੈ।