ਅੰਬਾਲਾ : ਹਰਿਆਣਾ ਦੇ ਮਹਿੰਦਰਗੜ੍ਹ ਕਨੀਨਾ ‘ਚ ਹੋਏ ਸਕੂਲ ਬੱਸ ਹਾਦਸੇ ਤੋਂ ਬਾਅਦ ਸਰਕਾਰ ਅਤੇ ਪ੍ਰਸ਼ਾਸਨ (The Government And Administration) ਦੀ ਸਖਤੀ ਤੋਂ ਪਰੇਸ਼ਾਨ ਪ੍ਰਾਈਵੇਟ ਸਕੂਲਾਂ (The Private Schools) ਨੇ 15 ਅਪ੍ਰੈਲ ਤੋਂ 17 ਅਪ੍ਰੈਲ ਤੱਕ ਅੰਬਾਲਾ ‘ਚ ਬੱਸਾਂ ਨਾ ਚਲਾਉਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਗਲਾ ਫ਼ੈਸਲਾ ਮੁੱਖ ਮੰਤਰੀ ਅਤੇ ਟਰਾਂਸਪੋਰਟ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਲਿਆ ਜਾਵੇਗਾ।
ਮਹਿੰਦਰਗੜ੍ਹ ਦੇ ਕਨੀਨਾ ‘ਚ ਹੋਏ ਸਕੂਲ ਬੱਸ ਹਾਦਸੇ ਤੋਂ ਬਾਅਦ ਸਰਕਾਰ ਅਤੇ ਪ੍ਰਸ਼ਾਸਨ ਨੇ ਪ੍ਰਾਈਵੇਟ ਸਕੂਲਾਂ ਖ਼ਿਲਾਫ਼ ਸਖਤੀ ਵਧਾ ਦਿੱਤੀ ਹੈ ਅਤੇ ਚਲਾਨ ਕੱਟਣੇ ਸ਼ੁਰੂ ਕਰ ਦਿੱਤੇ ਹਨ। ਪ੍ਰਾਈਵੇਟ ਸਕੂਲ ਸਰਕਾਰ ਦੀ ਇਸ ਕਾਰਵਾਈ ਤੋਂ ਨਾਰਾਜ਼ ਹਨ ਅਤੇ ਚਾਹੁੰਦੇ ਹਨ ਕਿ ਜ਼ਬਰਦਸਤੀ ਚਲਾਨ ਕਰਨ ਦੀ ਬਜਾਏ ਨਿਯਮਾਂ ਨੂੰ ਤੋੜਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇ। ਨਾਲ ਹੀ ਖੜ੍ਹੀਆਂ ਬੱਸਾਂ ਦੇ ਚਲਾਨ ਨਾ ਕੀਤੇ ਜਾਣ।
ਤਿੰਨ ਦਿਨ ਨਹੀਂ ਚੱਲਣਗੀਆਂ ਸਕੂਲੀ ਬੱਸਾਂ
ਪ੍ਰਸ਼ਾਸਨ ਦੀ ਇਸ ਮਨਮਾਨੀ ਦੇ ਖ਼ਿਲਾਫ਼ ਅੰਬਾਲਾ ਦੇ ਪ੍ਰਾਈਵੇਟ ਸਕੂਲਾਂ ਨੇ 15 ਅਪ੍ਰੈਲ ਤੋਂ 17 ਅਪ੍ਰੈਲ ਤੱਕ ਸਕੂਲੀ ਬੱਸਾਂ ਨਾ ਚਲਾਉਣ ਦਾ ਫ਼ੈਸਲਾ ਕਰਕੇ ਮਾਪਿਆਂ ਤੋਂ ਸਹਿਯੋਗ ਮੰਗਿਆ ਹੈ। ਭਾਵੇਂ ਪ੍ਰਾਈਵੇਟ ਸਕੂਲਾਂ ਦੀ ਲੜਾਈ ਸਰਕਾਰ ਤੇ ਪ੍ਰਸ਼ਾਸਨ ਨਾਲ ਹੈ ਪਰ ਇਸ ਦਾ ਅਸਰ ਮਾਪਿਆਂ ’ਤੇ ਪਵੇਗਾ। ਸਕੂਲਾਂ ਦਾ ਕਹਿਣਾ ਹੈ ਕਿ ਉਹ ਆਪਣਾ ਅਗਲਾ ਫ਼ੈਸਲਾ ਮੁੱਖ ਮੰਤਰੀ ਅਤੇ ਟਰਾਂਸਪੋਰਟ ਮੰਤਰੀ ਨਾਲ ਮੀਟਿੰਗ ਕਰਕੇ ਲੈਣਗੇ।
ਇਸ ਦੇ ਨਾਲ ਹੀ ਪ੍ਰਸ਼ਾਸਨ ਸਕੂਲਾਂ ਨੂੰ ਲੈ ਕੇ ਸਖ਼ਤ ਨਜ਼ਰ ਆ ਰਿਹਾ ਹੈ। ਡੀਸੀ ਅੰਬਾਲਾ ਨੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸਪੱਸ਼ਟ ਕੀਤਾ ਕਿ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਜਾਵੇ ਅਤੇ ਅਣਗਹਿਲੀ ਵਰਤਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਐਸਡੀਐਮ ਅੰਬਾਲਾ ਦਰਸ਼ਨ ਕੁਮਾਰ ਨੇ ਕਿਹਾ ਕਿ ਸਕੂਲ ਆਪਣੀਆਂ ਕਮੀਆਂ ਪੂਰੀਆਂ ਕਰਨ ਨਹੀਂ ਤਾਂ ਚਲਾਨ ਕੱਟੇ ਜਾਣਗੇ।