ਕੋਲੰਬੋ : ਸ੍ਰੀਲੰਕਾ ਵਿੱਚ ਸੰਸਦੀ ਚੋਣਾਂ ਵਿੱਚ ਐਨਪੀਪੀ ਨੇ ਜਿੱਤ ਹਾਸਲ ਕੀਤੀ ਹੈ। ਸ਼੍ਰੀਲੰਕਾ ਦੇ ਚੋਣ ਕਮਿਸ਼ਨ ਦੁਆਰਾ ਐਲਾਨੇ ਗਏ ਅਧਿਕਾਰਤ ਨਤੀਜਿਆਂ ਅਨੁਸਾਰ ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾਨਾਇਕ ਦੀ ਪਾਰਟੀ ‘ਨੈਸ਼ਨਲ ਪੀਪਲਜ਼ ਪਾਵਰ’ (ਐਨਪੀਪੀ) ਨੇ ਵੀਰਵਾਰ ਨੂੰ ਸੰਸਦ ਵਿੱਚ ਬਹੁਮਤ ਹਾਸਲ ਕੀਤਾ।
ਸ਼੍ਰੀਲੰਕਾ ਦੇ ਚੋਣ ਕਮਿਸ਼ਨ ਦੀ ਵੈੱਬਸਾਈਟ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਮਾਲੀਮਾਵਾ (ਕੰਪਾਸ) ਦੇ ਚਿੰਨ੍ਹ ਦੇ ਤਹਿਤ ਚੋਣ ਲੜਨ ਵਾਲੀ ਐਨਪੀਪੀ ਨੇ 225 ਮੈਂਬਰੀ ਸੰਸਦ ਵਿੱਚ 113 ਸੀਟਾਂ ਹਾਸਲ ਕੀਤੀਆਂ ਹਨ। NPP ਨੂੰ 68 ਲੱਖ ਭਾਵ 61 ਫੀਸਦੀ ਵੋਟਾਂ ਮਿਲੀਆਂ ਹਨ। ਸਾਬਕਾ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਦੀ ਹਮਾਇਤ ਵਾਲੀ ਮੁੱਖ ਵਿਰੋਧੀ ਪਾਰਟੀ ਸਾਮਗੀ ਜਨ ਬਲਾਵੇਗਯਾ (ਐਸਜੇਬੀ) ਅਤੇ ਨੈਸ਼ਨਲ ਡੈਮੋਕ੍ਰੇਟਿਕ ਫਰੰਟ (ਐਨਡੀਐਫ) ਨੂੰ ਕ੍ਰਮਵਾਰ 11 ਅਤੇ ਪੰਜ ਫੀਸਦੀ ਵੋਟਾਂ ਮਿਲੀਆਂ। ਐਨਪੀਪੀ ਨੇ ਦੱਖਣੀ ਸੂਬੇ ਦੀ ਰਾਜਧਾਨੀ ਗਾਲੇ ਵਿੱਚ 70 ਫੀਸਦੀ ਤੋਂ ਵੱਧ ਵੋਟਾਂ ਨਾਲ ਫੈਸਲਾਕੁੰਨ ਜਿੱਤ ਹਾਸਲ ਕੀਤੀ।
ਤੁਹਾਨੂੰ ਦੱਸ ਦੇਈਏ ਕਿ 2022 ਦੇ ਆਰਥਿਕ ਸੰਕਟ ਤੋਂ ਬਾਅਦ ਸ਼੍ਰੀਲੰਕਾ ਵਿੱਚ ਪਹਿਲੀ ਵਾਰ ਸੰਸਦੀ ਚੋਣਾਂ ਹੋਈਆਂ ਹਨ। ਗੰਭੀਰ ਆਰਥਿਕ ਮੰਦੀ ਕਾਰਨ ਤਤਕਾਲੀ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਇਸ ਵਾਰ ਚੋਣਾਂ ਵਿੱਚ 8 ਹਜ਼ਾਰ ਤੋਂ ਵੱਧ ਉਮੀਦਵਾਰ ਮੈਦਾਨ ਵਿੱਚ ਸਨ।