ਮੁੰਬਈ : ਮੁੰਬਈ ਇੰਡੀਅਨਜ਼ ਨੂੰ ਆਈਪੀਐੱਲ ਸ਼ੁਰੂ ਹੋਣ ਤੋਂ ਪਹਿਲਾਂ ਇਕ ਹੋਰ ਝਟਕਾ ਲੱਗਾ ਹੈ। ਦੁਨੀਆ ਦੇ ਨੰਬਰ ਵਨ ਟੀ-20 ਬੱਲੇਬਾਜ਼ ਸੂਰਿਆਕੁਮਾਰ ਯਾਦਵ (Batsman Suryakumar Yadav) ਫਿੱਟਨੈੱਸ ਟੈਸਟ ਵਿਚ ਫੇਲ੍ਹ ਹੋ ਗਏ ਹਨ, ਜਿਸ ਨਾਲ ਫਿਲਹਾਲ ਰਾਸ਼ਟਰੀ ਕ੍ਰਿਕਟ ਅਕਾਦਮੀ (The National Cricket Academy) ਵੱਲੋਂ ਉਨ੍ਹਾਂ ਨੂੰ ਆਈਪੀਐੱਲ ਵਿਚ ਖੇਡਣ ਦੀ ਮਨਜੂਰੀ ਨਹੀਂ ਮਿਲੀ ਹੈ।

ਇਸ ਦਾ ਮਤਲਬ ਹੈ ਕਿ ਇਹ ਵਿਸਫੋਟਕ ਬੱਲੇਬਾਜ਼ ਪੰਜ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨ ਵੱਲੋਂ ਸ਼ੁਰੂਆਤੀ ਮੈਚਾਂ ਵਿਚ ਨਹੀਂ ਖੇਡ ਸਕਣਗੇ। ਮੁੰਬਈ ਆਪਣੀ ਮੁਹਿੰਮ ਦੀ ਸ਼ੁਰੂਆਤ ਐਤਵਾਰ ਨੂੰ ਗੁਜਰਾਤ ਟਾਈਟਨਜ਼ ਦੇ ਵਿਰੁੱਧ ਕਰੇਗੀ। ਮੰਨਿਆ ਜਾ ਰਿਹਾ ਹੈ ਕਿ ਸੂਰਿਆ ਦਿੱਲੀ ਕੈਪੀਟਲਜ਼ ਦੇ ਵਿਰੁੱਧ ਇਕ ਅਪ੍ਰੈਲ ਨੂੰ ਹੋਣ ਵਾਲੇ ਮੈਚ ਤੋਂ ਬਾਹਰ ਰਹਿ ਸਕਦੇ ਹਨ। ਸੂਰਿਆ ਕੁਮਾਰ ਯਾਦਵ ਗਿੱਟੇ ਦੀ ਸੱਟ ਦੇ ਬਾਅਦ ਐੱਨਸੀਏ ਵਿਚ ਰਿਹੈਬ ਪ੍ਰਕਿਰਿਆ ਤੋਂ ਗੁਜ਼ਰ ਰਹੇ ਹਨ।

ਬੀਤੇ ਦਿਨ ਉਨ੍ਹਾਂ ਦਾ ਫਿੱਟਨੈੱਸ ਟੈਸਟ ਹੋਇਆ ਜਿਸ ਵਿਚ ਉਹ ਫੇਲ੍ਹ ਹੋ ਗਏ। ਭਲਕੇ ਉਨ੍ਹਾਂ ਦਾ ਫਿਰ ਫਿੱਟਨੈੱਸ ਟੈਸਟ ਹੋਵੇਗਾ ਤੇ ਜੇਕਰ ਉਹ ਪਾਸ ਹੁੰਦੇ ਹਨ ਤਾਂ ਹੀ ਉਹ ਆਈਪੀਐੱਲ ਵਿਚ ਖੇਡ ਸਕਣਗੇ। ਦੱਖਣੀ ਅਫਰੀਕਾ ਦੌਰੇ ’ਤੇ ਗਿੱਟੇ ਦੀ ਸੱਟ ਦੇ ਬਾਅਦ ਤੋਂ ਸੂਰਿਆਕੁਮਾਰ ਕ੍ਰਿਕਟ ਤੋਂ ਦੂਰ ਹਨ। ਜਨਵਰੀ ਵਿਚ ਉਨ੍ਹਾਂ ਨੇ ਜਰਮਨੀ ਵਿਚ ਗਿੱਟੇ ਦੀ ਸਰਜਰੀ ਕਰਵਾਈ ਸੀ। ਇਕ ਦਿਨ ਪਹਿਲਾਂ ਮੁੰਬਈ ਦੇ ਕੋਚ ਮਾਰਕ ਬਾਊਚਰ ਨੇ ਵੀ ਕਿਹਾ ਸੀ ਕਿ ਟੀਮ ਪ੍ਰਬੰਧਨ ਨੂੰ ਹੁਣ ਤੱਕ ਸੂਰਿਆ ਦੀ ਫਿੱਟਨੈੱਸ ਨੂੰ ਲੈ ਕੇ ਕੋਈ ਅਪਡੇਟ ਨਹੀਂ ਮਿਲਿਆ ਹੈ।

ਮੁੰਬਈ ਦੀ ਟੀਮ ਇਸ ਸਮੇਂ ਵਾਨਖੇੜੇ ਸਟੇਡੀਅਮ ਵਿਚ ਅਭਿਆਸ ਕਰ ਰਹੀ ਹੈ। ਇਸ ਤੋਂ ਪਹਿਲਾਂ ਆਸਟ੍ਰੇਲਿਆਈ ਤੇਜ਼ ਗੇਂਦਬਾਜ਼ ਜੇਸਨ ਬੇਹਰਨਡਾਰਫ ਸੱਟ ਦੇ ਕਾਰਨ ਆਈਪੀਐੱਲ ਤੋਂ ਹੱਟ ਗਏ ਸਨ ਜਿਸ ਦੇ ਬਾਅਦ ਮੁੰਬਈ ਨੇ ਇੰਗਲੈਂਡ ਦੇ ਗੇਂਦਬਾਜ਼ ਲਿਊਕ ਵੁਡ ਨੂੰ ਟੀਮ ਵਿਚ ਸ਼ਾਮਲ ਕੀਤਾ ਸੀ। ਬੇਹਰਨਡਾਰਫ ਨੇ ਬੀਤੇ ਦਿਨ ਕਿਹਾ ਕਿ ਪਿਛਲੇ ਹਫਤੇ ਅਭਿਆਸ ਦੌਰਾਨ ਮੇਰਾ ਪੈਰ ਟੁੱਟ ਗਿਆ। ਇਸ ਵਿਚ ਕਿਸੇ ਦੀ ਗਲਤੀ ਨਹੀਂ ਸੀ ਪਰ ਇਹ ਮਾੜੀ ਕਿਸਮਤ ਸੀ। ਮੈਂ ਮੁੰਬਈ ਇੰਡੀਅਨਜ਼ ਪਰਿਵਾਰ ਦਾ ਹਿੱਸਾ ਬਣਨ ਨੂੰ ਲੈ ਕੇ ਉਤਸ਼ਾਹਿਤ ਸੀ ਤੇ ਮੈਂ ਆਈਪੀਐੱਲ ਵਿਚ ਖੇਡਣ ਨੂੰ ਬਹੁਤ ਮਿਸ ਕਰਾਂਗਾ।

Leave a Reply