ਮੁਕਤਸਰ: ਸੁਖਬੀਰ ਬਾਦਲ (Sukhbir Badal) ਵੱਲੋਂ ਦਾਇਰ ਕੇਸ ਦੀ ਸੁਣਵਾਈ ਅੱਜ ਮੁਕਤਸਰ ਦੀ ਅਦਾਲਤ (Muktsar court) ਵਿੱਚ ਹੋਈ ਹੈ । ਜ਼ਿਕਰਯੋਗ ਹੈ ਕਿ ਸੁਖਬੀਰ ਬਾਦਲ ਦੀ ਮੁਕਤਸਰ ਸਾਹਿਬ ਦੀ ਅਦਾਲਤ ‘ਚ ਮਾਣਹਾਨੀ ਮਾਮਲੇ ਦੀ ਸੁਣਵਾਈ ਹੋਈ ਹੈ , ਜਿਸ ‘ਚ ਮੁੱਖ ਮੰਤਰੀ ਭਗਵੰਤ ਮਾਨ ਦੇ ਵਕੀਲ ਹਾਜ਼ਰ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੀ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਹੈ ਜੋ ਹੁਣ 19 ਮਾਰਚ ਨੂੰ ਹੋਵੇਗੀ। ਅਗਲੀ ਪੇਸ਼ੀ ‘ਤੇ ਅਦਾਲਤ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।
ਸੀਐਮ ਮਾਨ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਸੰਮਨ ਭੇਜੇ ਗਏ ਸਨ, ਜਿਸ ਲਈ ਉਨ੍ਹਾਂ ਨੇ ਅਦਾਲਤ ਵਿੱਚ ਪੇਸ਼ ਹੋਣਾ ਸੀ। ਇਸ ਦੌਰਾਨ ਉਨ੍ਹਾਂ ਦੀ ਤਰਫੋਂ ਉਨ੍ਹਾਂ ਦੇ ਵਕੀਲ ਇਕਬਾਲ ਸਿੰਘ ਬੁੱਟਰ ਅਦਾਲਤ ‘ਚ ਪੇਸ਼ ਹੋਏ, ਜਿਨ੍ਹਾਂ ਨੇ ਇਕ ਮੈਮੋ ਦੇ ਕੇ ਅਦਾਲਤ ‘ਚ ਆਪਣੀ ਹਾਜ਼ਰੀ ਦਰਜ ਕਰਵਾਈ। ਅਦਾਲਤ ਨੇ ਇਸ ਮਾਮਲੇ ਵਿੱਚ ਜਵਾਬ ਦਾਖ਼ਲ ਕਰਨ ਲਈ ਅਗਲੀ ਸੁਣਵਾਈ 19 ਮਾਰਚ ਤੈਅ ਕੀਤੀ ਹੈ।
ਵਰਨਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪਿਛਲੇ ਮਹੀਨੇ 11 ਜਨਵਰੀ ਨੂੰ ਸ੍ਰੀ ਮੁਕਤਸਰ ਸਾਹਿਬ ਦੀ ਅਦਾਲਤ ਵਿੱਚ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਇਸ ਵਿੱਚ ਬਾਦਲ ਨੇ ਇੱਕ ਕਰੋੜ ਰੁਪਏ ਦਾ ਮਾਣਹਾਨੀ ਦਾ ਕੇਸ ਕੀਤਾ ਸੀ। ਸੁਖਬੀਰ ਬਾਦਲ ਨੇ ਅਦਾਲਤ ‘ਚ ਆਪਣੇ ਪਰਿਵਾਰ ‘ਤੇ ਝੂਠੇ ਦੋਸ਼ ਲਗਾਉਣ ਦੀ ਗੱਲ ਕਹੀ ਸੀ।
ਤੁਹਾਨੂੰ ਇਹ ਵੀ ਦੱਸ ਦੇਈਏ ਕਿ 1 ਨਵੰਬਰ 2023 ਨੂੰ ਮੁੱਖ ਮੰਤਰੀ ਮਾਨ ਨੇ ਲੁਧਿਆਣਾ ਵਿੱਚ ਇੱਕ ਖੁੱਲੀ ਬਹਿਸ ਬੁਲਾਈ ਸੀ ਜਿਸ ਵਿੱਚ ਸਾਰੇ ਵਿਰੋਧੀ ਧਿਰਾਂ ਦੇ ਆਗੂਆਂ ਨੂੰ ਹਿੱਸਾ ਲੈਣ ਲਈ ਸੱਦਾ ਦਿੱਤਾ ਗਿਆ ਸੀ। ਇਸ ਦੌਰਾਨ ਕਈ ਆਗੂ ਬਹਿਸ ਵਿੱਚ ਸ਼ਾਮਲ ਨਹੀਂ ਹੋਏ ਸਨ, ਜਿਸ ਕਾਰਨ ਸੀ.ਐਮ. ਮਾਨ ਨੇ ਬਾਦਲ ਪਰਿਵਾਰ ਸਮੇਤ ਵਿਰੋਧੀ ਧਿਰ ਦੇ ਆਗੂਆਂ ਨੂੰ ਆੜੇ ਹੱਥੀਂ ਲਿਆ ਸੀ। ਇਸ ਮਾਮਲੇ ਨੂੰ ਲੈ ਕੇ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਮਾਨ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਸੀ ਅਤੇ ਉਸ ਤੋਂ ਬਾਅਦ ਮੁਕਤਸਰ ਦੀ ਅਦਾਲਤ ਵਿਚ ਮਾਣਹਾਨੀ ਦਾ ਕੇਸ ਕੀਤਾ ਗਿਆ ਸੀ। ਜਿਸ ਦੀ ਅੱਜ ਸੁਣਵਾਈ ਸੀ ।