ਨਵੀਂ ਦਿੱਲੀ : ਖੇਡ ਮੰਤਰਾਲੇ (Sports Ministry) ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ (Finance Minister Nirmala Sitharaman) ਵੱਲੋਂ ਪੇਸ਼ ਕੀਤੇ ਗਏ ਅੰਤਰਿਮ ਬਜਟ ’ਚ 3,442.32 ਕਰੋੜ ਰੁਪਏ ਅਲਾਟ ਕੀਤੇ ਗਏ, ਜਿਸ ’ਚ ਪਿਛਲੇ ਸਾਲ ਦੇ ਮੁਕਾਬਲੇ 45.36 ਕਰੋੜ ਰੁਪਏ ਦਾ ਵਾਧਾ ਕੀਤਾ ਗਿਆ। ਪਿਛਲੇ ਬਜਟ ’ਚ ਖੇਡ ਮੰਤਰਾਲੇ ਨੂੰ 3,396.96 ਕਰੋੜ ਰੁਪਏ ਅਲਾਟ ਹੋਏ ਸਨ। ਇਸ 2024-25 ਵਿੱਤੀ ਸਾਲ ਦੌਰਾਨ ਦੇਸ਼ ਦਾ ਮੁੱਖ ਧਿਆਨ ਪੈਰਿਸ ’ਚ 26 ਜੁਲਾਈ ਤੋਂ 11 ਅਗਸਤ ਤੱਕ ਹੋਣ ਵਾਲੀਆਂ ਓਲੰਪਿਕ ਖੇਡਾਂ ’ਤੇ ਲੱਗਾ ਹੋਵੇਗਾ।
ਖੇਲੋ ਇੰਡੀਆ ਨੂੰ ਪਿਛਲੇ ਬਜਟ ’ਚ 20 ਕਰੋੜ ਰੁਪਏ ਦਾ ਵਾਧਾ ਕਰ ਕੇ 900 ਕਰੋੜ ਰੁਪਏ ਅਲਾਟ ਕੀਤੇ ਗਏ। ਰਾਸ਼ਟਰੀ ਕੈਂਪ ਆਯੋਜਿਤ ਕਰਨ ਵਾਲੇ, ਖਿਡਾਰੀਆਂ ਨੂੰ ਬੁਨਿਆਦੀ ਢਾਂਚਾ ਅਤੇ ਸਾਜ਼ੋ-ਸਾਮਾਨ ਮੁਹੱਈਆ ਕਰਵਾਉਣ ਵਾਲੇ ਕੋਚਾਂ ਦੀ ਨਿਯੁਕਤੀ ਕਰਨ ਤੋਂ ਇਲਾਵਾ ਹੋਰ ਕੰਮ ਕਰਨ ਵਾਲੀ ਭਾਰਤੀ ਖੇਡ ਅਥਾਰਟੀ (ਸਾਈ) ਦੇ ਬਜਟ ’ਚ ਪਿਛਲੇ ਸਾਲ ਦੇ ਮੁਕਾਬਲੇ 26.83 ਕਰੋੜ ਰੁਪਏ ਦਾ ਵਾਧਾ ਕੀਤਾ ਗਿਆ ਹੈ, ਜਿਸ ਨਾਲ ਹੁਣ ਇਹ 795.77 ਕਰੋੜ ਰੁਪਏ ਹੋ ਗਿਆ ਹੈ।
ਨੈਸ਼ਨਲ ਖੇਡ ਫੈੱਡਰੇਸ਼ਨਾਂ (ਐੱਨ. ਐੱਸ. ਐੱਫ.) ਦੇ 2023-24 ਲਈ 325 ਕਰੋੜ ਰੁਪਏ ਦੇ ਬਜਟ ’ਚ ਇਸ ਵਾਰ 15 ਕਰੋੜ ਰੁਪਏ ਦਾ ਵਾਧਾ ਕੀਤਾ ਗਿਆ ਹੈ। ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੂੰ ਇਸ ਅੰਤਰਿਮ ਬਜਟ ’ਚ 22.30 ਕਰੋੜ ਰੁਪਏ ਅਲਾਟ ਕੀਤੇ ਗਏ, ਜੋ ਕਿ 2023-24 ਵਿੱਤੀ ਸਾਲ ’ਚ 21.73 ਕਰੋੜ ਰੁਪਏ ਸੀ। ਨੈਸ਼ਨਲ ਡੋਪ ਟੈਸਟਿੰਗ ਲੈਬਾਰਟਰੀ (ਐੱਨ. ਡੀ. ਟੀ. ਐੱਲ.) ਨੂੰ ਪਿਛਲੇ ਬਜਟ ਦੇ ਮੁਕਾਬਲੇ 2.5 ਕਰੋੜ ਰੁਪਏ ਦੇ ਵਾਧੇ ਨਾਲ 22 ਕਰੋੜ ਰੁਪਏ ਅਲਾਟ ਹੋਏ।
ਖਿਡਾਰੀਆਂ ਦੇ ਭੱਤਿਆਂ ’ਚ ਕਟੌਤੀ
ਖਿਡਾਰੀਆਂ ਨੂੰ ਮਿਲਣ ਵਾਲੇ ਭੱਤਿਆਂ ਦੇ ਬਜਟ ’ਚ ਵੱਡੀ ਕਟੌਤੀ ਕੀਤੀ ਗਈ, ਜਿਸ ਨੂੰ 84 ਕਰੋੜ ਰੁਪਏ ਤੋਂ ਘਟਾ ਕੇ 39 ਕਰੋੜ ਰੁਪਏ ਕਰ ਦਿੱਤਾ ਗਿਆ। ਨੈਸ਼ਨਲ ਸਪੋਰਟਸ ਡਿਵੈੱਲਪਮੈਂਟ ਫੰਡ ਦੇ ਬਜਟ ’ਚ ਵੀ ਕਟੌਤੀ ਕੀਤੀ ਗਈ, ਜਿਸ ਨੂੰ 46 ਕਰੋੜ ਰੁਪਏ ਤੋਂ ਘਟਾ ਕੇ 18 ਕਰੋੜ ਰੁਪਏ ਕਰ ਦਿੱਤਾ ਗਿਆ। ਪਿਛਲੇ ਬਜਟ ’ਚ ਰਾਸ਼ਟਰਮੰਡਲ ਖੇਡਾਂ ਲਈ 15 ਕਰੋੜ ਰੁਪਏ ਅਲਾਟ ਕੀਤੇ ਗਏ ਸਨ, ਜਿਸ ਨੂੰ ਹੁਣ ਘਟਾ ਕੇ 0.01 ਕਰੋੜ ਰੁਪਏ ਕਰ ਦਿੱਤਾ ਗਿਆ, ਕਿਉਂਕਿ ਇਸ ਸਾਲ ਇਨ੍ਹਾਂ ਦਾ ਆਯੋਜਨ ਨਹੀਂ ਕੀਤਾ ਜਾਵੇਗਾ।
ਰਾਸ਼ਟਰੀ ਖੇਡ ਵਿਗਿਆਨ ਅਤੇ ਖੋਜ ਕੇਂਦਰ ਦਾ ਬਜਟ 10 ਕਰੋੜ ਰੁਪਏ ਤੋਂ ਘਟਾ ਕੇ 8 ਕਰੋੜ ਰੁਪਏ ਕਰ ਦਿੱਤਾ ਗਿਆ, ਜਦਕਿ ਨੈਸ਼ਨਲ ਸਪੋਰਟਸ ਯੂਨੀਵਰਸਿਟੀ ਲਈ ਪਿਛਲੀ ਵਾਰ ਦੇ 83.21 ਕਰੋੜ ਰੁਪਏ ਦ ਬਜਟ ਨੂੰ ਵਧਾ ਕੇ 91.90 ਕਰੋੜ ਰੁਪਏ ਕਰ ਦਿੱਤਾ ਗਿਆ।
The post ਵਿੱਤ ਮੰਤਰੀ ਵੱਲੋਂ ਪੇਸ਼ ਕੀਤੇ ਗਏ ਖੇਡ ਮੰਤਰਾਲੇ ਦੇ ਬਜਟ ’ਚ 45 ਕਰੋੜ ਰੁਪਏ ਦਾ ਵਾਧਾ appeared first on Time Tv.