ਨਵੀਂ ਦਿੱਲੀ : ਸਾਬਕਾ ਭਾਰਤੀ ਕ੍ਰਿਕਟਰ ਰਵੀ ਸ਼ਾਸਤਰੀ (Ravi Shastri) ਅਤੇ ਸੰਦੀਪ ਪਾਟਿਲ (Sandeep Patil) ਨੇ ਅੱਜ ਵਨਡੇ ਵਿਸ਼ਵ ਕੱਪ ਲਈ ਭਾਰਤੀ ਟੀਮ ਦੇ ਮੱਧ ਕ੍ਰਮ ਵਿੱਚ ਪ੍ਰਤਿਭਾਸ਼ਾਲੀ ਤਿਲਕ ਵਰਮਾ ਨੂੰ ਸ਼ਾਮਲ ਕਰਨ ਦੀ ਵਕਾਲਤ ਕੀਤੀ। ਵਿਸ਼ਵ ਕੱਪ ਦਾ ਆਯੋਜਨ ਭਾਰਤ ਵਿੱਚ 5 ਅਕਤੂਬਰ ਤੋਂ 19 ਨਵੰਬਰ ਤੱਕ ਹੋਵੇਗਾ। ਸ਼ਾਸਤਰੀ ਨੇ ਕਿਹਾ ਕਿ 20 ਸਾਲਾ ਵਰਮਾ ਨੂੰ ਟੀਮ ‘ਚ ਸ਼ਾਮਲ ਕਰਨਾ ਫਾਇਦੇਮੰਦ ਹੋਵੇਗਾ ਕਿਉਂਕਿ ਉਹ ਖੱਬੇ ਹੱਥ ਦਾ ਬੱਲੇਬਾਜ਼ ਹੈ।
ਉਨ੍ਹਾਂ ਨੇ ਕਿਹਾ, ‘ਮੈਂ ਤਿਲਕ ਵਰਮਾ ਦੇ ਪ੍ਰਦਰਸ਼ਨ ਤੋਂ ਬਹੁਤ ਪ੍ਰਭਾਵਿਤ ਹਾਂ ਅਤੇ ਮੈਂ ਮੱਧਕ੍ਰਮ ‘ਚ ਖੱਬੇ ਹੱਥ ਦਾ ਬੱਲੇਬਾਜ਼ ਚਾਹੁੰਦਾ ਹਾਂ। ਜੇਕਰ ਮੈਂ ਮੱਧਕ੍ਰਮ ‘ਚ ਯੁਵਰਾਜ ਸਿੰਘ ਅਤੇ ਸੁਰੇਸ਼ ਰੈਨਾ ਵਰਗੇ ਖਿਡਾਰੀ ਚਾਹੁੰਦਾ ਹਾਂ ਤਾਂ ਮੈਂ ਨਿਸ਼ਚਿਤ ਤੌਰ ‘ਤੇ ਉਨ੍ਹਾਂ (ਤਿਲਕ ਵਰਮਾ) ਦੇ ਨਾਂ ‘ਤੇ ਵਿਚਾਰ ਕਰਾਂਗਾ। ਸ਼ਾਸਤਰੀ ਨੇ ਕਿਹਾ, ‘ਸੰਦੀਪ ਪਾਟਿਲ ਅਤੇ ਐਮ.ਐਸ.ਕੇ ਪ੍ਰਸਾਦ ਚੋਣਕਾਰ ਰਹੇ ਹਨ ਅਤੇ ਜੇਕਰ ਮੈਂ ਆਪਣੇ ਪੈਨਲ ਨਾਲ ਚੋਣਕਾਰ ਹੁੰਦਾ, ਤਾਂ ਮੈਂ ਮੌਜੂਦਾ ਫਾਰਮ ਨੂੰ ਦੇਖਦਾ ਕਿ ਉਹ ਕਿਵੇਂ ਦੌੜਾਂ ਬਣਾ ਰਿਹਾ ਹੈ।’
ਵਰਮਾ ਨੇ ਹਾਲ ਹੀ ਵਿੱਚ ਵੈਸਟਇੰਡੀਜ਼ ਦੇ ਖ਼ਿਲਾਫ਼ ਆਪਣੀ ਅੰਤਰਰਾਸ਼ਟਰੀ ਡੈਬਿਊ ਸੀਰੀਜ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਸ਼ਾਸਤਰੀ ਦੇ 1983 ਵਿਸ਼ਵ ਕੱਪ ਜੇਤੂ ਸਾਥੀ ਪਾਟਿਲ ਨੇ ਵੀ ਵਰਮਾ ਦੀ ਤਾਰੀਫ ਕੀਤੀ। ਉਨ੍ਹਾਂ ਨੇ ਸੂਰਿਆਕੁਮਾਰ ਯਾਦਵ ਨੂੰ ਟੀਮ ‘ਚ ਰੱਖਣ ਦੀ ਵੀ ਵਕਾਲਤ ਕੀਤੀ। ਪਾਟਿਲ ਨੇ ਕਿਹਾ, ‘ਯਕੀਨਨ ਮੈਂ ਤਿਲਕ ਵਰਮਾ ਅਤੇ ਸੂਰਿਆਕੁਮਾਰ ਯਾਦਵ ਨੂੰ ਟੀਮ ‘ਚ ਰੱਖਣਾ ਚਾਹਾਂਗਾ। ਪਲੇਇੰਗ ਇਲੈਵਨ ‘ਚ ਕਿਸ ਨੂੰ ਸ਼ਾਮਲ ਕੀਤਾ ਜਾਵੇਗਾ, ਇਸ ਦਾ ਫ਼ੈਸਲਾ ਵਿਰੋਧੀ ਟੀਮ ਨੂੰ ਦੇਖ ਕੇ ਕੀਤਾ ਜਾ ਸਕਦਾ ਹੈ ਪਰ ਤਿਲਕ ਵਰਮਾ ਅਤੇ ਸੂਰਿਆਕੁਮਾਰ ਯਾਦਵ ਦੋਵੇਂ ਹੀ ਮੇਰੀ ਟੀਮ ‘ਚ ਹੋਣਗੇ।
The post ਵਿਸ਼ਵ ਕੱਪ ਨੂੰ ਲੈ ਕੇ ਸਾਬਕਾ ਭਾਰਤੀ ਕ੍ਰਿਕਟਰ ਰਵੀ ਸ਼ਾਸਤਰੀ ਨੇ ਦਿੱਤਾ ਬਿਆਨ appeared first on Time Tv.