ਪੰਜਾਬ: ਜਲੰਧਰ ਦੇ ਗੜ੍ਹਾ ਰੋਡ ‘ਤੇ ਸਥਿਤ ਇੰਡੋ ਵਰਲਡ ਇਮੀਗ੍ਰੇਸ਼ਨ ਦਫਤਰ (Indo World Immigration Office) ਤੋਂ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਵਿਦੇਸ਼ ਭੇਜਣ ਦੇ ਨਾਂ ‘ਤੇ ਲੱਖਾਂ ਰੁਪਏ ਦੀ ਠੱਗੀ ਮਾਰੀ ਗਈ ਅਤੇ ਪੀੜਤਾਂ ਨਾਲ ਕੁੱਟਮਾਰ ਵੀ ਕੀਤੀ ਗਈ।
ਜਾਣਕਾਰੀ ਅਨੁਸਾਰ ਇਮੀਗ੍ਰੇਸ਼ਨ ਦਫਤਰ ਵੱਲੋਂ ਨਿਸ਼ਾਨਾ ਬਣਾਏ ਗਏ ਪੀੜਤਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਨਿਊਜ਼ੀਲੈਂਡ ਭੇਜਣ ਦੇ ਨਾਂ ‘ਤੇ ਲੱਖਾਂ ਰੁਪਏ ਦੀ ਠੱਗੀ ਮਾਰੀ ਗਈ ਹੈ। ਪੀੜਤ ਪ੍ਰਭਦੀਪ ਕੌਰ ਨੇ ਦੱਸਿਆ ਕਿ ਉਸ ਨੇ ਨਿਊਜ਼ੀਲੈਂਡ ਲਈ 2 ਸਾਲ ਦਾ ਵਰਕ ਪਰਮਿਟ ਲੈਣ ਲਈ ਪਹਿਲਾਂ 30 ਹਜ਼ਾਰ ਰੁਪਏ ਅਤੇ ਫਿਰ 1 ਲੱਖ 20 ਹਜ਼ਾਰ ਰੁਪਏ ਦਿੱਤੇ ਪਰ 6 ਮਹੀਨੇ ਬੀਤ ਜਾਣ ਦੇ ਬਾਵਜੂਦ ਨਾ ਤਾਂ ਉਸ ਦਾ ਵੀਜ਼ਾ ਆਇਆ ਅਤੇ ਨਾ ਹੀ ਪੈਸੇ ਵਾਪਸ ਕੀਤੇ ਗਏ। ਇਸ ਤੋਂ ਬਾਅਦ ਜਦੋਂ ਉਹ ਪੈਸੇ ਦੀ ਮੰਗ ਕਰਨ ਦਫ਼ਤਰ ਗਈ ਤਾਂ ਉਸ ਦੇ ਨਾਲ ਕੁੱਟਮਾਰ ਕੀਤੀ ਗਈ।
ਕੁੱਟਮਾਰ ਤੋਂ ਬਾਅਦ ਪੀੜਤ ਪਰਿਵਾਰ ਦਫਤਰ ਦੇ ਬਾਹਰ ਸ਼ਾਂਤਮਈ ਢੰਗ ਨਾਲ ਬੈਠ ਗਿਆ ਅਤੇ ਧਰਨਾ ਦਿੱਤਾ ਪਰ ਸ਼ਿਵ ਸੈਨਾ ਆਗੂ ਆਪਣੇ ਸਾਥੀਆਂ ਸਮੇਤ ਆ ਗਏ ਅਤੇ ਉਨ੍ਹਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਏ.ਐਸ.ਆਈ ਨਿਰਮਲ ਸਿੰਘ ਭੱਟੀ ਮੌਕੇ ’ਤੇ ਪੁੱਜੇ। ਪਰਿਵਾਰ ਨੇ ਟਰੈਵਲ ਏਜੰਟ ਤੇ ਸ਼ਿਵ ਸੈਨਾ ਆਗੂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।