ਚੰਡੀਗੜ੍ਹ : ਭਾਰਤ ‘ਚ ਵਿਆਹ-ਸ਼ਾਦੀਆਂ ਅਤੇ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਏ ਜਾਂਦੇ ਹਨ। ਵਿਆਹ-ਸ਼ਾਦੀਆਂ ਅਤੇ ਤਿਉਹਾਰਾਂ ਦੇ ਸੀਜ਼ਨ ਕਾਰਨ ਚੰਡੀਗੜ੍ਹ-ਅੰਬਾਲਾ ਰੇਲਵੇ ਸਟੇਸ਼ਨ (Chandigarh-Ambala Railway Station) ਤੋਂ ਲੰਬੇ ਰੂਟਾਂ ’ਤੇ ਚੱਲਣ ਵਾਲੀਆਂ ਟਰੇਨਾਂ ’ਚ ਜੂਨ ਮਹੀਨੇ ਤੱਕ ਕੋਈ ਵੀ ਸੀਟ ਨਹੀਂ ਹੈ। ਇੰਨਾ ਹੀ ਨਹੀਂ ਅਪ੍ਰੈਲ ਮਹੀਨੇ ’ਚ ਕਈ ਰੇਲਾਂ ਦੇ ਸਲੀਪਰ ਕੋਚਾਂ ’ਚ ਵੇਟਿੰਗ ਟਿਕਟਾਂ ਵੀ ਮੁਹੱਈਆ ਨਹੀਂ ਹਨ।

ਅਜਿਹੀ ਸਥਿਤੀ ’ਚ ਯਾਤਰੀਆਂ ਨੂੰ ਤਤਕਾਲ ਟਿਕਟਾਂ ’ਤੇ ਨਿਰਭਰ ਰਹਿਣਾ ਪਵੇਗਾ ਜਾਂ ਸੜਕ ਰਾਹੀਂ ਯਾਤਰਾ ਕਰਨੀ ਪੈ ਸਕਦੀ ਹੈ। ਇਸ ਦੇ ਨਾਲ ਹੀ ਯਾਤਰੀ ਉਮੀਦ ਲਾ ਕੇ ਬੈਠੇ ਹਨ ਕਿ ਰੇਲਵੇ ਵੱਲੋਂ ਸਪੈਸ਼ਲ ਰੇਲਾਂ ਚਲਾਈਆਂ ਜਾਣਗੀਆਂ ਪਰ ਅਜੇ ਤੱਕ ਰੇਲਵੇ ਵੱਲੋਂ ਕੋਈ ਨੋਟੀਫਿਕੇਸ਼ਨ ਨਹੀਂ ਆਇਆ। ਜਾਣਕਾਰੀ ਅਨੁਸਾਰ ਰੇਲਵੇ ਵੱਲੋਂ ਚੰਡੀਗੜ੍ਹ ਤੋਂ ਸ਼ੁਰੂ ਹੋਈ ਸਪੈਸ਼ਲ ਰੇਲ ਨੂੰ ਦੋ ਗੇੜਿਆਂ ਤੋਂ ਬਾਅਦ ਬੰਦ ਕਰ ਦਿੱਤਾ ਹੈ। ਚੰਡੀਗੜ੍ਹ-ਅੰਬਾਲਾ ਤੋਂ ਚੱਲਣ ਵਾਲੀਆਂ 5 ਰੇਲਾਂ ’ਚ ਸਲੀਪਰ ਕਲਾਸ ’ਚ ਕੋਈ ਵੇਟਿੰਗ ਟਿਕਟ ਨਹੀਂ ਹੈ। ਜਾਣਕਾਰੀ ਮੁਤਾਬਕ 20 ਅਪ੍ਰੈਲ ਤੱਕ ਕਈ ਰੇਲਾਂ ’ਚ ਵੇਟਿੰਗ ਨਹੀਂ ਮਿਲ ਰਹੀ।

ਚੰਡੀਗੜ੍ਹ ਤੋਂ ਲਖਨਊ ਜਾਣ ਵਾਲੀਆਂ ਦੋਵੇਂ ਰੇਲਾਂ ’ਚ ਵੇਟਿੰਗ 150 ਤੋਂ ਵੱਧ
ਰੇਲਵੇ ਵੱਲੋਂ ਚੰਡੀਗੜ੍ਹ-ਲਖਨਊ ਵਿਚਕਾਰ ਦੋ ਸੁਪਰਫਾਸਟ ਰੇਲਾਂ ਚਲਾਈਆਂ ਜਾਂਦੀਆਂ ਹਨ ਪਰ ਦੋਵਾਂ ’ਚ ਵੇਟਿੰਗ 150 ਤੋਂ ਵੱਧ ਹੈ। ਜਾਣਕਾਰੀ ਅਨੁਸਾਰ ਚੰਡੀਗੜ੍ਹ-ਲਖਨਊ ਜਾਣ ਵਾਲੀ ਰੇਲ ਨੰਬਰ 12232 ’ਚ ਵੇਟਿੰਗ ਲਿਸਟ 264 ਹੈ, ਜਦੋਂ ਕਿ ਦੂਜੀ ਰੇਲ ਗੱਡੀ ਨੰਬਰ 15012 ’ਚ 158 ਤੱਕ ਪਹੁੰਚ ਗਈ ਹੈ। ਇਸ ਲਈ ਇਨ੍ਹਾਂ ਦਿਨਾਂ ’ਚ ਯਾਤਰੀਆਂ ਨੂੰ ਆਪਣੀ ਮੰਜ਼ਿਲ ’ਤੇ ਪਹੁੰਚਣ ਲਈ ਤਤਕਾਲ ਟਿਕਟਾਂ ’ਤੇ ਧਿਆਨ ਦੇਣਾ ਹੋਵੇਗਾ।

ਅਣਰਿਜ਼ਰਵਡ ਡੱਬਿਆਂ ਦੀ ਘਟਾਈ ਗਿਣਤੀ
ਜਿਨ੍ਹਾਂ ਯਾਤਰੀਆਂ ਨੂੰ ਰਿਜ਼ਰਵੇਸ਼ਨ ਟਿਕਟ ਨਹੀਂ ਸੀ ਮਿਲਦੀ, ਉਹ ਯਾਤਰੀ ਅਣਰਿਜ਼ਰਵਡ ਟਿਕਟ ਲੈ ਕੇ ਸਫ਼ਰ ਸ਼ੁਰੂ ਕਰ ਦਿੰਦੇ ਸਨ। ਰੇਲਵੇ ਨੇ ਕੁੱਝ ਮਹੀਨਿਆਂ ਤੋਂ ਅਣਰਿਜ਼ਰਵਡ ਡੱਬਿਆਂ ਦੀ ਗਿਣਤੀ ਘਟਾ ਦਿੱਤੀ ਹੈ। ਇੰਜਣ ਤੋਂ ਬਾਅਦ ਅਤੇ ਗਾਰਡ ਕੋਚ ਦੇ ਅੱਗੇ ਦੋ-ਦੋ ਅਣਰਿਜ਼ਰਵਡ ਕੋਚ ਲਾਏ ਜਾਂਦੇ ਸਨ। ਇਸ ਤਰ੍ਹਾਂ ਪਹਿਲਾਂ ਹਰ ਰੇਲ ’ਚ 4 ਦੇ ਕਰੀਬ ਅਣਰਿਜ਼ਰਵਡ ਡੱਬੇ ਹੁੰਦੇ ਸਨ ਪਰ ਹੁਣ ਰੇਲਵੇ ਨੇ ਅਣਰਿਜ਼ਰਵਡ ਕੋਚਾਂ ਨੂੰ 4 ਦੀ ਬਜਾਏ 2 ਕਰ ਦਿੱਤਾ ਹੈ।

ਤਤਕਾਲ ਟਿਕਟਾਂ ’ਤੇ ਰਹਿਣਾ ਪਵੇਗਾ ਨਿਰਭਰ
ਰੇਲਵੇ ਨੇ ਹੋਲੀ ਦੇ ਤਿਉਹਾਰ ਲਈ ਚੰਡੀਗੜ੍ਹ ਤੋਂ ਇੱਕ ਅਤੇ ਅੰਬਾਲਾ ਤੋਂ 2 ਸਪੈਸ਼ਲ ਰੇਲਾਂ ਚਲਾਈਆਂ ਸਨ ਪਰ ਤਿਉਹਾਰ ਤੋਂ ਬਾਅਦ ਚੰਡੀਗੜ੍ਹ-ਗੋਰਖਪੁਰ ਸਪੈਸ਼ਲ ਅਤੇ ਅੰਬਾਲਾ-ਵਾਰਾਨਸੀ ਅਤੇ ਗੋਰਖਪੁਰ ਰੇਲ ਬੰਦ ਕਰ ਦਿੱਤੀ ਗਈ ਹੈ। ਇਸ ਲਈ ਯਾਤਰੀਆਂ ਨੂੰ ਹੁਣ ਯਾਤਰਾ ਕਰਨ ਲਈ ਤਤਕਾਲ ਟਿਕਟਾਂ ’ਤੇ ਨਿਰਭਰ ਰਹਿਣਾ ਹੋਵੇਗਾ।

Leave a Reply