ਲੋਕ ਸਭਾ ਚੋਣਾਂ ਤੋਂ ਪਹਿਲਾਂ ਹੋ ਸਕਦਾ ਹੈ ਬਜਟ ਸੈਸ਼ਨ ਦਾ ਐਲਾਨ
By admin / February 17, 2024 / No Comments / Punjabi News
ਚੰਡੀਗੜ੍ਹ : ਕਿਸਾਨ ਅੰਦੋਲਨ ਦੌਰਾਨ ਪੰਜਾਬ ਸਰਕਾਰ ਬਜਟ ਸੈਸ਼ਨ (The budget session) ਬੁਲਾਉਣ ਦੀ ਤਿਆਰੀ ਚ ਹੈ। ਇਹ ਸੈਸ਼ਨ 26 ਜਾਂ 27 ਫਰਵਰੀ ਨੂੰ ਸ਼ੁਰੂ ਹੋ ਸਕਦਾ ਹੈ ਕਿਉਂਕਿ ਮਾਰਚ ਦੇ ਸ਼ੁਰੂ ਵਿਚ ਲੋਕ ਸਭਾ ਚੋਣਾਂ (The Lok Sabha elections) ਕਰ ਕੇ ਚੋਣ ਜ਼ਾਬਤਾ ਲੱਗ ਸਕਦਾ ਹੈ। ਇਸ ਸਥਿਤੀ ਵਿਚ ਸਰਕਾਰ ਦੀ ਕੋਸ਼ਿਸ਼ ਚੋਣ ਜ਼ਾਬਤੇ ਤੋਂ ਪਹਿਲਾਂ ਸੈਸ਼ਨ ਕਰਵਾਉਣ ਦੀ ਹੈ। ਬਜਟ ਨੂੰ ਲੈ ਕੇ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ। ਆਉਣ ਵਾਲੇ ਕੁੱਝ ਦਿਨਾਂ ਵਿਚ ਸੈਸ਼ਨ ਦਾ ਐਲਾਨ ਕੀਤਾ ਜਾ ਸਕਦਾ ਹੈ।
ਹਰਿਆਣਾ ਦਾ ਬਜਟ ਸੈਸ਼ਨ 20 ਫਰਵਰੀ ਤੋਂ ਸ਼ੁਰੂ ਹੋ ਰਿਹਾ ਹੈ। ਜਦੋਂ ਕਿ ਹਿਮਾਚਲ ਪ੍ਰਦੇਸ਼ ਵਿਚ ਬਜਟ ਸੈਸ਼ਨ ਸ਼ੁਰੂ ਹੋ ਗਿਆ ਹੈ। ਫਿਲਹਾਲ ਜੇ ਗੱਲ ਕੀਤੀ ਜਾਵੇ ਤਾਂ ਸਰਕਾਰ ਅਜੇ ਕਿਸਾਨਾਂ ਦਾ ਮਸਲਾ ਕੇਂਦਰ ਨਾਲ ਸੁਲਝਾਉਣ ਵਿਚ ਲੱਗੀ ਹੋਈ ਹੈ। ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਖ਼ੁਦ ਕਿਹਾ ਹੈ ਕਿ ਉਹ ਕਿਸਾਨਾਂ ਦੀਆਂ ਕੇਂਦਰੀ ਮੰਤਰੀਆਂ ਨਾਲ ਮੀਟਿੰਗਾਂ ਵਿਚ ਕਿਸਾਨਾਂ ਦੇ ਵਕੀਲ ਬਣ ਕੇ ਜਾ ਰਹੇ ਹਨ। ਸੂਤਰਾਂ ਦੀ ਮੰਨੀਏ ਤਾਂ ਇਸ ਵਾਰ ਬਜਟ ਸੈਸ਼ਨ ਲੰਬਾ ਨਹੀਂ ਹੋਵੇਗਾ। ਇਸ ਵਿਚ ਦੋ ਤੋਂ ਤਿੰਨ ਦਿਨ ਲੱਗ ਸਕਦੇ ਹਨ।
ਮੌਜੂਦਾ ਸਰਕਾਰ ਦਾ ਇਹ ਤੀਜਾ ਬਜਟ ਸੈਸ਼ਨ ਹੋਵੇਗਾ। ਇਸ ਬਜਟ ਸੈਸ਼ਨ ਨੂੰ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਨੂੰ ਇੱਕ ਤੋਂ ਬਾਅਦ ਇੱਕ ਤਿੰਨ ਚੋਣਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲਾਂ ਲੋਕ ਸਭਾ ਚੋਣਾਂ ਹੋਣਗੀਆਂ। ਇਸ ਤੋਂ ਬਾਅਦ ਨਗਰ ਨਿਗਮ ਅਤੇ ਪੰਚਾਇਤੀ ਚੋਣਾਂ ਵੀ ਕਰਵਾਈਆਂ ਜਾਣਗੀਆਂ। ਅਜਿਹੇ ‘ਚ ਸਪੱਸ਼ਟ ਹੈ ਕਿ ਬਜਟ ‘ਚ ਲੋਕਾਂ ‘ਤੇ ਕੋਈ ਬੋਝ ਨਹੀਂ ਪਵੇਗਾ।