ਲੁਧਿਆਣਾ: ਹਰ ਰੋਜ਼ ਅਨੇਕਾਂ ਕਿਸਾਨ ਕਰਜ਼ੇ ਤੋਂ ਤੰਗ ਆ ਕੇ ਖ਼ੁਦਕੁਸ਼ੀਆਂ ਕਰ ਰਹੇ ਹਨ। ਅਜਿਹਾ ਹੀ ਮਾਮਲਾ ਲੁਧਿਆਣਾ ਦੇ ਨੇੜਲੇ ਪਿੰਡ ਬੱਸੂਵਾਲ ਤੋਂ ਸਾਹਮਣੇ ਆਇਆ ਹੈ। ਇਥੇ ਕਰਜ਼ੇ ਤੋਂ ਤੰਗ ਆ ਕੇ ਕਿਸਾਨ ਨੇ ਮੌਤ ਨੂੰ ਗਲੇ ਲਗਾ ਗਿਆ ਹੈ।

ਮ੍ਰਿਤਕ ਦੀ ਪਹਿਚਾਣ ਗੁਰਦੀਪ ਸਿੰਘ ਉਰਫ ਕੁਲਦੀਪ ਸਿੰਘ (50) ਪੁੱਤਰ ਸੁਖਦੇਵ ਸਿੰਘ ਵਜੋਂ ਹੋਈ ਹੈ। ਮ੍ਰਿਤਕ ਆਪਣੀ ਢਾਈ ਏਕੜ ਜ਼ਮੀਨ ਵਿਚ ਖੇਤੀਬਾੜੀ ਕਰਦਾ ਸੀ। ਇਸ ਜ਼ਮੀਨ ਵਿੱਚੋਂ ਇੱਕ ਏਕੜ ਜ਼ਮੀਨ ਵੇਚ ਦਿੱਤੀ ਸੀ ਅਤੇ ਬਾਕੀ ਬਚਦੀ ਡੇਢ ਏਕੜ ਜ਼ਮੀਨ ਗਹਿਣੇ ਰੱਖੀ ਹੋਈ ਹੈ।

ਮ੍ਰਿਤਕ ਦੇ ਸਿਰ ਲਗਭਗ ਦਸ ਲੱਖ ਰੁਪਏ ਦਾ ਕਰਜ਼ਾ ਸੀ ਅਤੇ ਜਿਸ ਕਾਰਨ ਉਹ ਮਾਨਸਿਕ ਤੌਰ ‘ਤੇ ਪਰੇਸ਼ਾਨ ਰਹਿੰਦਾ ਸੀ ਤਾਂ ਉਸ ਨੇ ਵੀਰਵਾਰ ਨੂੰ ਜ਼ਹਿਰੀਲੀ ਦਵਾਈ ਪੀ ਲਈ, ਜਿਸ ਨੂੰ ਪਰਿਵਾਰਕ ਮੈਂਬਰਾ ਨੇ ਪਿੰਡ ਰੂੰਮੀ ਦੇ ਇੱਕ ਨਿੱਜੀ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਤਾਂ ਉਸ ਦੀ ਮੌਤ ਹੋ ਗਈ।

ਮ੍ਰਿਤਕ ਦੀ ਪਤਨੀ ਜਸਪ੍ਰੀਤ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਹਠੂਰ ਪੁਲਿਸ ਵਲੋਂ 174 ਦੀ ਕਾਰਵਾਈ ਕੀਤੀ ਗਈ ਹੈ ਅਤੇ ਸਰਕਾਰੀ ਹਸਪਤਾਲ ਜਗਰਾਓਂ ਤੋਂ ਲਾਸ਼ ਦਾ ਪੋਸਟਮਾਰਟਮ ਕਰ ਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ। ਮ੍ਰਿਤਕ ਦਾ ਸੰਸਕਾਰ ਕਰ ਦਿੱਤਾ ਗਿਆ ਹੈ। ਮ੍ਰਿਤਕ ਗੁਰਦੀਪ ਸਿੰਘ ਆਪਣੇ ਪਿੱਛੇ ਪਤਨੀ ਅਤੇ ਦੋ ਨਾਬਾਲਗ ਲੜਕਿਆਂ ਨੂੰ ਛੱਡ ਗਿਆ ਹੈ।

Leave a Reply