ਚੰਡੀਗੜ੍ਹ : ਹਰਿਆਣਾ (Haryana) ਦੇ ਸਿਰਸਾ ਦੀ ਰਾਣੀਆ ਵਿਧਾਨ ਸਭਾ ਸੀਟ ਤੋਂ ਵਿਧਾਇਕ ਦੇ ਅਹੁਦੇ ਤੋਂ ਆਜ਼ਾਦ ਵਿਧਾਇਕ ਰਣਜੀਤ ਚੌਟਾਲਾ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਗਿਆ ਹੈ। ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਦੱਸ ਦੇਈਏ ਕਿ ਰਣਜੀਤ ਚੌਟਾਲਾ ਹਿਸਾਰ ਲੋਕ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਹਨ। ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਕਿਹਾ ਕਿ ਰਣਜੀਤ ਚੌਟਾਲਾ ਨੂੰ ਅਸਤੀਫ਼ੇ ਦੀ ਪੁਸ਼ਟੀ ਲਈ ਵਿਧਾਨ ਸਭਾ ਬੁਲਾਇਆ ਗਿਆ ਸੀ। ਜਿਸ ਤੋਂ ਬਾਅਦ ਮੰਗਲਵਾਰ ਨੂੰ ਯਾਨੀ ਅੱਜ ਰਣਜੀਤ ਚੌਟਾਲਾ ਸਦਨ ’ਚ ਆਏ।
ਹਾਲਾਂਕਿ ਉਨ੍ਹਾਂ ਕਿਹਾ ਕਿ ਰਣਜੀਤ ਚੌਟਾਲਾ ਮੰਤਰੀ ਬਣੇ ਰਹਿਣਗੇ। ਨਿਯਮਾਂ ਮੁਤਾਬਕ ਵਿਧਾਇਕ ਨਾ ਹੋਣ ਦੇ ਬਾਵਜੂਦ ਰਣਜੀਤ ਚੌਟਾਲਾ 6 ਮਹੀਨੇ ਮੰਤਰੀ ਬਣੇ ਰਹਿਣਗੇ। ਇੱਕ ਵਾਰ ਅਸਤੀਫ਼ਾ ਮਨਜ਼ੂਰ ਹੋ ਜਾਣ ਤੋਂ ਬਾਅਦ ਇਸ ਨੂੰ ਵਾਪਸ ਨਹੀਂ ਲਿਆ ਜਾ ਸਕਦਾ। ਉਨ੍ਹਾਂ ਇਹ ਵੀ ਕਿਹਾ ਕਿ ਇਹ ਅਸਤੀਫ਼ਾ ਮੇਰੇ ਵੱਲੋਂ ਦਿੱਤਾ ਗਿਆ ਹੈ, ਇਸ ‘ਤੇ ਮੇਰੇ ਦਸਤਖਤ ਹਨ।
ਰਣਜੀਤ ਚੌਟਾਲਾ ਨੇ ਕਿਹਾ ਕਿ ਮੈਂ ਆਪਣਾ ਅਸਤੀਫ਼ਾ 24 ਮਾਰਚ ਨੂੰ ਭੇਜ ਦਿੱਤਾ ਸੀ ਅਤੇ ਅੱਜ ਮੈਂ ਖੁਦ ਅਸਤੀਫ਼ੇ ਦੀ ਪੜਤਾਲ ਲਈ ਆਇਆ ਹਾਂ। ਉਨ੍ਹਾਂ ਕਿਹਾ ਕਿ ਮੈਂ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਨਹੀਂ ਦਿੱਤਾ ਹੈ। ਲੋਕ ਸਭਾ ਚੋਣਾਂ ‘ਚ ਹਰਿਆਣਾ ‘ਚ ਭਾਜਪਾ ਅਤੇ ਕਾਂਗਰਸ ਵਿਚਾਲੇ ਮੁਕਾਬਲਾ ਹੈ ਅਤੇ ਮੁਕਾਬਲੇ ‘ਚ ਕੋਈ ਹੋਰ ਪਾਰਟੀ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੈਂ ਭਲਕੇ (1 ਮਈ) ਨੂੰ ਨਾਮਜ਼ਦਗੀ ਪੱਤਰ ਦਾਖਲ ਕਰਾਂਗਾ।
ਰਣਜੀਤ ਚੌਟਾਲਾ ਦਾ ਅਸਤੀਫ਼ਾ ਮਨਜ਼ੂਰ ਹੋਣ ਤੋਂ ਬਾਅਦ ਹੁਣ ਹਰਿਆਣਾ ਵਿਧਾਨ ਸਭਾ ਦੀਆਂ 2 ਸੀਟਾਂ ਖਾਲੀ ਹੋ ਗਈਆਂ ਹਨ। ਮਨੋਹਰ ਲਾਲ ਨੇ ਕਰਨਾਲ ਵਿਧਾਨ ਸਭਾ ਸੀਟ ਤੋਂ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ, ਜਦਕਿ ਰਾਣੀਆ ਵਿਧਾਨ ਸਭਾ ਸੀਟ ਤੋਂ ਰਣਜੀਤ ਚੌਟਾਲਾ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਗਿਆ ਹੈ, ਜਿਸ ਤੋਂ ਬਾਅਦ ਦੋਵੇਂ ਸੀਟਾਂ ਖਾਲੀ ਹੋ ਗਈਆਂ ਹਨ।