ਉੱਤਰ ਪ੍ਰਦੇਸ: ਗੈਂਗਸਟਰ-ਰਾਜਨੇਤਾ ਮੁਖਤਾਰ ਅੰਸਾਰੀ (Mukhtar Ansari) ਦੇ ਪੋਸਟਮਾਰਟਮ ਨੇ ਪੁਸ਼ਟੀ ਕੀਤੀ ਹੈ ਕਿ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਹਸਪਤਾਲ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਦੱਸ ਦਈਏ ਕਿ 60 ਤੋਂ ਵੱਧ ਮਾਮਲਿਆਂ ‘ਚ ਦੋਸ਼ੀ ਮੁਖਤਾਰ ਅੰਸਾਰੀ ਬਾਂਦਾ ਜੇਲ ‘ਚ ਬੰਦ ਸੀ, ਵੀਰਵਾਰ ਰਾਤ ਖਰਾਬ ਸਿਹਤ ਕਾਰਨ ਉਨ੍ਹਾਂ ਨੂੰ ਜੇਲ੍ਹ ਤੋਂ ਰਾਣੀ ਦੁਰਗਾਵਤੀ ਮੈਡੀਕਲ ਕਾਲਜ ਲਿਜਾਇਆ ਗਿਆ, ਜਿੱਥੇ ਦੇਰ ਰਾਤ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੁਖਤਾਰ ਅੰਸਾਰੀ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ (ਮਾਇਓਕਾਰਡੀਅਲ ਇਨਫਾਰਕਸ਼ਨ) ਪਾਇਆ ਗਿਆ। ਉਨ੍ਹਾਂ ਨੇ ਪੋਸਟਮਾਰਟਮ ਦੇ ਆਧਾਰ ‘ਤੇ ਪਰਿਵਾਰਕ ਮੈਂਬਰਾਂ ਵੱਲੋਂ ਮੁਖਤਾਰ ਅੰਸਾਰੀ ਨੂੰ ਹੌਲੀ ਜ਼ਹਿਰ ਦੇਣ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਰਾਣੀ ਦੁਰਗਾਵਤੀ ਮੈਡੀਕਲ ਕਾਲਜ ਦੇ ਪੰਜ ਡਾਕਟਰਾਂ ਦੇ ਪੈਨਲ ਵੱਲੋਂ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ। ਜਦੋਂ ਪੋਸਟਮਾਰਟਮ ਕਰਵਾਇਆ ਗਿਆ ਤਾਂ ਮੁਖਤਾਰ ਅੰਸਾਰੀ ਦਾ ਛੋਟਾ ਪੁੱਤਰ ਉਮਰ ਅੰਸਾਰੀ ਪੋਸਟਮਾਰਟਮ ਹਾਊਸ ਦੇ ਅੰਦਰ ਮੌਜੂਦ ਸੀ।
ਪੋਸਟਮਾਰਟਮ ਤੋਂ ਬਾਅਦ ਬੀਤੀ ਸ਼ਾਮ ਨੂੰ ਭਾਰੀ ਸੁਰੱਖਿਆ ਵਿਚਕਾਰ ਮੁਖਤਾਰ ਅੰਸਾਰੀ ਦੀ ਲਾਸ਼ ਗਾਜ਼ੀਪੁਰ ਲਈ ਰਵਾਨਾ ਹੋਈ। ਅੱਜ ਸਵੇਰੇ ਮੁਹੰਮਦਾਬਾਦ, ਗਾਜ਼ੀਪੁਰ ‘ਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਗਾਜ਼ੀਪੁਰ ਦੀ ਮੁਹੰਮਦਾਬਾਦ ਵਿਧਾਨ ਸਭਾ ਸੀਟ ਤੋਂ ਸਮਾਜਵਾਦੀ ਪਾਰਟੀ ਦੇ ਵਿਧਾਇਕ ਮੁਹੰਮਦ ਸੁਹੈਬ ਅੰਸਾਰੀ ਨੇ ਦੱਸਿਆ ਕਿ ਉਨ੍ਹਾਂ ਦੇ ਚਾਚਾ ਮੁਖਤਾਰ ਅੰਸਾਰੀ ਨੂੰ ਅੱਜ ਸਵੇਰੇ 10 ਵਜੇ ਯੂਸਫਪੁਰ ਮੁਹੰਮਦਾਬਾਦ (ਗਾਜ਼ੀਪੁਰ) ਦੇ ਕਾਲੀ ਬਾਗ ਕਬਰਸਤਾਨ ‘ਚ ਦਫਨਾਇਆ ਗਿਆ। ਮੁਖਤਾਰ ਦੀ ਕਬਰ ਉਸ ਦੇ ਪਿਤਾ ਅਤੇ ਮਾਤਾ ਦੀਆਂ ਕਬਰਾਂ ਦੇ ਕੋਲ ਪੁੱਟੀ ਗਈ ਹੈ।